- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਾਤਾਰ ਦੂਜੀ ਵਾਰ ਕੌਂਸਲਰ ਬਣੇ ਡਾ. ਹਰੀਸ਼ ਚੰਦਰ ਗੋਇਲ ਨੇ ਕੀਤਾ ਵਾਰਡ ਦਾ ਧੰਨਵਾਦੀ ਦੌਰਾ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੈਤੋ ਨਗਰ ਕੌਂਸਲ ਦੇ ਵਾਰਡ ਨੰਬਰ-8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਪੁੱਤਰ ਬਾਬੂ ਰਾਮ ਗੋਇਲ ਨੇ ਲਗਾਤਾਰ ਦੂਜੀ ਵਾਰ ਕੌਂਸਲਰ ਚੁਣੇ ਜਾਣ ਉਪਰੰਤ ਆਪਣੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਧੰਨਵਾਦੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ ਮੈਂਬਰਾਂ, ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਧੰਨਵਾਦੀ ਦੌਰੇ ਦੌਰਾਨ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਡਾ. ਹਰੀਸ਼ ਚੰਦਰ ਗੋਇਲ ਨੇ ਘਰ-ਘਰ ਜਾ ਕੇ ਵਾਰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਚੋਣਾਂ ਦੌਰਾਨ ਦਿੱਤੇ ਗਏ ਭਰਪੂਰ ਸਮਰਥਨ ਅਤੇ ਪਿਆਰ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਾਰਡ ਵਾਸੀਆਂ ਨੇ ਵੀ ਆਪਣੇ ਜੇਤੂ ਕੌਂਸਲਰ ਦਾ ਫੁੱਲਾਂ ਦੇ ਹਾਰ ਪਾ ਕੇ, ਮੂੰਹ ਮਿੱਠਾ ਕਰਵਾ ਕੇ ਅਤੇ ਨਾਅਰੇਬਾਜ਼ੀ ਕਰਦਿਆਂ ਭਰਵਾਂ ਸਵਾਗਤ ਕੀਤਾ। ਕਈ ਥਾਵਾਂ ’ਤੇ ਲੋਕਾਂ ਨੇ ਡਾ. ਹਰੀਸ਼ ਚੰਦਰ ਗੋਇਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਵਿਕਾਸ ਦੀ ਰਫ਼ਤਾਰ ਨੂੰ ਜਾਰੀ ਰੱਖਣ ਦੀ ਉਮੀਦ ਜਤਾਈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਹਰੀਸ਼ ਚੰਦਰ ਗੋਇਲ ਨੇ ਕਿਹਾ ਕਿ ਇਹ ਜਿੱਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਵਾਰਡ ਨੰਬਰ-8 ਦੇ ਹਰ ਉਸ ਨਾਗਰਿਕ ਦੀ ਜਿੱਤ ਹੈ ਜਿਸ ਨੇ ਵਿਕਾਸ, ਪਾਰਦਰਸ਼ਤਾ ਅਤੇ ਲੋਕ ਸੇਵਾ ਦੀ ਸੋਚ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਲਗਾਤਾਰ ਦੂਜੀ ਵਾਰ ਦਿੱਤਾ ਗਿਆ ਭਰੋਸਾ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਹ ਇਸ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਵਾਰਡ ਦੇ ਸਰਵਪੱਖੀ ਵਿਕਾਸ ਨੂੰ ਹੋਰ ਮਜ਼ਬੂਤ ਕਰਨਾ ਹੋਵੇਗੀ। ਸੜਕਾਂ, ਗਲੀਆਂ-ਨਾਲੀਆਂ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਪ੍ਰਣਾਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਡਾ. ਹਰੀਸ਼ ਚੰਦਰ ਗੋਇਲ ਨੇ ਕਿਹਾ ਕਿ ਉਹ ਹਰ ਸਮੇਂ ਲੋਕਾਂ ਲਈ ਉਪਲਬਧ ਰਹਿਣਗੇ ਅਤੇ ਵਾਰਡ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਸਮੂਹ ਵਾਰਡ ਵਾਸੀਆਂ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਸਥਾਨਕ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਮਿਹਨਤ ਤੋਂ ਬਿਨਾਂ ਇਹ ਸ਼ਾਨਦਾਰ ਜਿੱਤ ਸੰਭਵ ਨਹੀਂ ਸੀ। ਇਸ ਮੌਕੇ ਡਾ. ਹਰੀਸ਼ ਚੰਦਰ ਗੋਇਲ ਦੇ ਧਰਮਪਤਨੀ ਰੇਨੂੰ ਗੋਇਲ, ਪੁੱਤਰ ਡਾ. ਜੇਅੰਤ ਗੋਇਲ, ਪੁੱਤਰ ਐਡਵੋਕੇਟ ਆਰੀਆਨ ਗੋਇਲ, ਭਰਾ ਦਵਿੰਦਰ ਗੋਇਲ ਨੀਟੂ, ਭਰਜਾਈ ਸੋਨੀਆ ਗੋਇਲ, ਭਰਾ ਅਸ਼ਵਨੀ ਗੋਇਲ, ਭਰਜਾਈ ਰੁਪਾਲੀ ਗੋਇਲ, ਆਰ ਵੀ ਸ਼ਾਂਤੀ ਨਗਰ ਜੈਤੋ ਦੇ ਪ੍ਰਧਾਨ ਹਰਜੀਤ ਸਿੰਘ ਜੇਈ, ਮਨਜੀਤ ਸਿੰਘ ‘ਟੀਟੂ’, ਪਾਰਸ ਕੁਮਾਰ, ਭੀਮ ਸੈਨ ਗੋਇਲ, ਸੁਸ਼ੀਲ ਗੋਇਲ, ਪਾਰਟੀ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।