ਜ਼ਿਲ੍ਹਾ ਪੱਧਰੀ ਕਵਿਤਾ ਉਤਸਵ ਤੇ ਨਵੀਂ ਟੀਮ ਦੀ ਤਾਜਪੋਸ਼ੀ ਅੱਜ
ਜ਼ਿਲ੍ਹਾ ਪੱਧਰੀ ਕਵਿਤਾ ਉਤਸਵ ਅਤੇ ਨਵੀਂ ਟੀਮ ਦੀ ਤਾਜਪੋਸ਼ੀ ਅੱਜ
Publish Date: Sat, 28 Feb 2026 04:05 PM (IST)
Updated Date: Sun, 01 Mar 2026 03:59 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਂ ਬੋਲੀ, ਸਾਹਿਤ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਸਾਰ ਦੇ ਮਨਸ਼ੇ ਨਾਲ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫ਼ੇਅਰ ਕੌਂਸਲ ਵੱਲੋਂ ਜ਼ਿਲ੍ਹਾ ਇਕਾਈ ਦੀ ਨਵੀਂ ਟੀਮ ਦੇ ਗਠਨ ਉਪਰੰਤ ਇਕ ਵਿਸ਼ਾਲ ਜ਼ਿਲ੍ਹਾ ਪੱਧਰੀ ਕਵਿਤਾ ਉਤਸਵ ਅਤੇ ਤਾਜਪੋਸ਼ੀ ਸਮਾਰੋਹ ਦਾ ਆਯੋਜਨ ਅੱਜ 1 ਮਾਰਚ ਦਿਨ ਐਤਵਾਰ ਨੂੰ ਸਥਾਨਕ ਸਿਟੀ ਹੋਟਲ ਦੇ ਡਾਇਮੰਡ ਹਾਲ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਹੋਵੇਗਾ। ਇਸ ਸਮਾਰੋਹ ਦੌਰਾਨ ਜ਼ਿਲ੍ਹਾ ਇਕਾਈ ਦੇ ਸਾਰੇ ਮਨੋਨੀਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰਸਿੱਧ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਦਾ ਪਾਠ ਕਰਕੇ ਸਾਹਿਤਕ ਵਾਤਾਵਰਣ ਨੂੰ ਰੰਗਤ ਬਖ਼ਸ਼ੀ ਜਾਵੇਗੀ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਅਜੈਬ ਸਿੰਘ ਰੁਪਾਣਾ, ਜਸਵੀਰ ਸ਼ਰਮਾ ਦੱਦਾਹੂਰ, ਚਮਕੌਰ ਸਿੰਘ ਥਾਂਦੇਵਾਲਾ, ਸਾਹਿਲ ਕੁਮਾਰ ਹੈਪੀ, ਉਪਕਾਰ ਸਿੰਘ, ਚਰਨਜੀਤ ਸਿੰਘ, ਅਮਨ ਰੋਜਰ, ਰੁਪਿੰਦਰ ਰਾਣਾ, ਹਰਪਿੰਦਰ ਮੋਹੀ, ਗੁਰਭੇਜ ਸਿੰਘ ਖੋਸਾ ਹੋਰਾਂ ਨੇ ਦੱਸਿਆ ਕਿ ਸਮਾਗਮ ਵਿੱਚ ਸਮਾਜ ਦੇ ਪ੍ਰਮੁੱਖ ਬੁੱਧੀਜੀਵੀ, ਕਲਾ ਪ੍ਰੇਮੀ ਅਤੇ ਸਨਮਾਨਿਤ ਹਸਤੀਆਂ ਸ਼ਿਰਕਤ ਕਰਨਗੀਆਂ। ਸੰਸਥਾ ਦੇ ਚੇਅਰਮੈਨ ਬਾਈ ਭੋਲਾ ਯਮਲਾ ਨੇ ਵਿੱਚ ਕਿਹਾ ਕਿ “ਸਾਡਾ ਮਕਸਦ ਕਲਾ ਅਤੇ ਸੱਭਿਆਚਾਰ ਨੂੰ ਸਮਾਜਿਕ ਜਾਗਰੂਕਤਾ ਅਤੇ ਨਵੀਂ ਪੀੜ੍ਹੀ ਦੀ ਰਹਿਨੁਮਾਈ ਦਾ ਮਜ਼ਬੂਤ ਸਾਧਨ ਬਣਾਉਣਾ ਹੈ। । ਅਸੀਂ ਹਰ ਕਲਾਕਾਰ ਅਤੇ ਸਾਹਿਤਕਾਰ ਨੂੰ ਮਾਣ ਅਤੇ ਮੰਚ ਦੇਣ ਲਈ ਪ੍ਰਤੀਬੱਧ ਹਾਂ।” ਇਸ ਮੌਕੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।