ਏਆਈ ਵਿਸ਼ੇ ’ਤੇ ਟ੍ਰੇਨਿੰਗ ਸੈਸ਼ਨ ਕਰਵਾਇਆ
ਫਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਆਰਟੀਫਿਸ਼ਲ ਇੰਟੈਲੀਜੈਂਸ ਟ੍ਰੇਨਿੰਗ ਕਰਵਾਈ ਗਈ
Publish Date: Mon, 19 Jan 2026 03:29 PM (IST)
Updated Date: Tue, 20 Jan 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਕੂਲ ਸਿੱਖਿਆ ਵਿਭਾਗ ਪੰਜਾਬ ਤੇ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਫਰੀਦਕੋਟ ਦੇ ਸਮੂਹ ਕੰਪਿਊਟਰ ਅਧਿਆਪਕਾਂ ਅਤੇ ਹੋਰਨਾਂ ਵਿਸ਼ਿਆਂ ਦੇ ਅਧਿਆਪਕਾਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਧਾਰਿਤ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਗਏ। ਇਸ ਸਿਖਲਾਈ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਲਗਭਗ 250 ਅਧਿਆਪਕਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਬੁਨਿਆਦੀ ਸਾਖਰਤਾ ਬਾਰੇ ਸਿੱਖਿਆ ਹਾਸਲ ਕੀਤੀ। ਇਹ ਸਿਖਲਾਈ ਪ੍ਰਾਪਤ ਕਰਨ ਉਪਰੰਤ ਇਹ ਅਧਿਆਪਕ ਆਪਣੇ-ਆਪਣੇ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੇਨਿੰਗ ਕਰਵਾਉਣਗੇ। ਇਸ ਟ੍ਰੇਨਿੰਗ ਦੇ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਮੈਡਮ ਨੀਲਮ ਰਾਣੀ ਅਤੇ ਪ੍ਰਿੰਸੀਪਲ ਡਾਇਟ ਭੁਪਿੰਦਰ ਸਿੰਘ ਬਰਾੜ ਨੇ ਸਾਰੇ ਅਧਿਆਪਕਾਂ ਦੀ ਵਧੀਆ ਟ੍ਰੇਨਿੰਗ ਲੈਣ ਲਈ ਪ੍ਰਸੰਸ਼ਾ ਕੀਤੀ। ਕੁਲਦੀਪ ਸਿੰਘ ਚਾਹਲ ਡੀ ਐਮ ਕੰਪਿਊਟਰ ਨੇ ਅਧਿਆਪਕਾਂ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਅਤੇ ਏ ਆਈ ਐਪਸ ਦੀ ਪ੍ਰੈਕਟਿਕਲ ਤੌਰ ਤੇ ਪ੍ਰੈਕਟਿਸ ਕਾਰਵਾਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਕੁਲਦੀਪ ਸਿੰਘ ਚਾਹਲ ਡੀ ਐਮ ਕੰਪਿਊਟਰ ਸਾਇੰਸ, ਪ੍ਰਮੋਦ ਧੀਰ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਢੈਪਈ ਅਤੇ ਮਲਕੀਤ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਨੇ ਰਿਸੋਰਸ ਪਰਸਨ ਵਜੋਂ ਸੇਵਾ ਨਿਭਾਈ। ਪ੍ਰਮੋਦ ਧੀਰ ਨੇ ਦੱਸਿਆ ਕਿ ਇਹ ਪਹਿਲਕਦਮੀ ਸਿੱਖਿਆ ਪ੍ਰਣਾਲੀ ਨੂੰ ਟੈਕਨਾਲੌਜੀ ਨਾਲ ਜੋੜਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਟ੍ਰੇਨਿੰਗ ਦਾ ਉਦੇਸ਼ ਨਾ ਕੇਵਲ ਅਧਿਆਪਕਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਬੁਨਿਆਦੀ ਤਕਨੀਕਾਂ ਨਾਲ ਪਰਿਚਿਤ ਕਰਵਾਉਣਾ ਹੈ, ਸਗੋਂ ਇਹ ਸਿਖਾਉਣਾ ਵੀ ਹੈ ਕਿ ਕਿਵੇਂ ਇਸ ਤਕਨੀਕ ਨੂੰ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਰੌਚਕ, ਪ੍ਰਭਾਵਸ਼ਾਲੀ ਅਤੇ ਵਿਅਕਤੀਗਤ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਟਰੇਨਿੰਗ ਦੌਰਾਨ ਲੈਕਚਰਾਰ ਡਾਇਟ ਰਾਜ ਕੁਮਾਰ, ਕੰਪਿਊਟਰ ਅਧਿਆਪਕ ਜਸਵਿੰਦਰ ਸਿੰਘ ਸਿੱਧੂ, ਦਲਵਿੰਦਰ ਸਿੰਘ ਅਤੇ ਮੈਡਮ ਪਰਵੀਨ ਕੁਮਾਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।