ਸਕੂਲ ਅਤੇ ਕਾਲਜ ਦੀ ਪੜਾਈ ਦੇ ਮਾਹੌਲ ਵਿੱਚ ਦਿਨ-ਰਾਤ ਦਾ ਹੁੰਦੈ ਫਰਕ : ਡਾ. ਬਰਾੜ
ਸਕੂਲ ਅਤੇ ਕਾਲਜ ਦੀ ਪੜਾਈ ਦੇ ਮਾਹੌਲ ਵਿੱਚ ਦਿਨ-ਰਾਤ ਦਾ ਹੁੰਦੈ ਫਰਕ : ਡਾ. ਬਰਾੜ
Publish Date: Wed, 11 Feb 2026 03:07 PM (IST)
Updated Date: Wed, 11 Feb 2026 03:08 PM (IST)

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਖੇ ਹੋਇਆ ਨੈਤਿਕਤਾ ਸੈਮੀਨਾਰ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਮਾੜੀ ਸੰਗਤ ਅਤੇ ਨਸ਼ਿਆਂ ਸਮੇਤ ਸਮਾਜਿਕ ਕੁਰੀਤੀਆਂ ਵਿੱਚ ਫਸੇ ਬੱਚੇ ਤੇ ਨੌਜਵਾਨ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਦਿੱਤੀ ਗਈ ਫੇਅਰਵੈੱਲ ਪਾਰਟੀ ਦੌਰਾਨ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਕਰਵਾਏ ਗਏ ਨੈਤਿਕਤਾ ਸੈਮੀਨਾਰ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਕਲੱਬ ਦੇ ਮੁੱਖ ਸਰਪ੍ਰਸਤ ਅਤੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਕੂਲ ਅਤੇ ਕਾਲਜ ਦੇ ਅਨੁਸ਼ਾਸ਼ਨ ’ਚ ਬਹੁਤ ਫਰਕ ਹੈ। ਸਕੂਲ ਦੇ ਵਿਦਿਆਰਥੀਆਂ ’ਤੇ ਅਧਿਆਪਕਾਂ ਦੀ ਤਿੱਖੀ ਨਜ਼ਰ ਅਰਥਾਤ ਬਾਜ਼ ਅੱਖ ਹੁੰਦੀ ਹੈ ਤਾਂ ਜੋ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਰਹੇ ਨੌਜਵਾਨ ਲੜਕੇ-ਲੜਕੀਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਅੰਕੜਿਆਂ ਸਹਿਤ ਦਲੀਲਾਂ ਨਾਲ ਸਮਝਾਉਂਦਿਆਂ ਦੱਸਿਆ ਕਿ ਅਨੁਸ਼ਾਸਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ ਅਤੇ ਹਾਂ-ਪੱਖੀ ਨਜ਼ਰੀਆ ਹੀ ਸਾਡੀ ਤਰੱਕੀ ਦਾ ਸਰੋਤ ਹਨ। ਉਨ੍ਹਾਂ ਆਖਿਆ ਕਿ ਕਾਲਜ ਵਿੱਚ ਅਧਿਆਪਕ ਘੂਰਦੇ, ਵਰਜਦੇ ਜਾਂ ਝਿੜਕਦੇ ਨਹੀਂ, ਇਸ ਲਈ ਸਕੂਲ ਨਾਲੋਂ ਕਾਲਜ ਦਾ ਮਾਹੌਲ ਬਿਲਕੁਲ ਵੱਖਰਾ ਹੁੰਦਾ ਹੈ, ਉੱਥੇ ਵਿਦਿਆਰਥੀ-ਵਿਦਿਆਰਥਣਾਂ ਨੇ ਆਪਣਾ ਟੀਚਾ ਸਰ ਕਰਨ ਵਿੱਚ ਖੁਦ ਦਿਲਚਸਪੀ ਦਿਖਾਉਣੀ ਹੁੰਦੀ ਹੈ। ਸਕੂਲ ਮੁਖੀ ਪ੍ਰਿੰਸੀਪਲ/ਡਾਇਰੈਕਟਰ ਡਾ ਐਸ.ਐਸ. ਬਰਾੜ ਨੇ ਮੁੱਖ ਬੁਲਾਰੇ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਗੁੱਡ ਮੌਰਨਿੰਗ ਕਲੱਬ ਦੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਤੁਹਾਡੇ ਵੱਲੋਂ ਸਮਝਾਈਆਂ ਗੱਲਾਂ ਦਾ ਇਹ ਬੱਚੇ ਪ੍ਰਭਾਵ ਜ਼ਰੂਰ ਕਬੂਲਣਗੇ ਕਿਉਂਕਿ ਦਲੀਲ ਨਾਲ ਸਰਲ ਭਾਸ਼ਾ ਵਿੱਚ ਸਮਝਾਈਆਂ ਗੱਲਾਂ ਕਾਲਜ ਦੇ ਮਾਹੌਲ ਵਿੱਚ ਰਹਿੰਦਿਆਂ ਵੀ ਇਨ੍ਹਾਂ ਬੱਚਿਆਂ ਨੂੰ ਸਾਵਧਾਨ ਕਰਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ ਨਾਲ ਸੱਭਿਆਚਾਰ, ਵਾਤਾਵਰਣ, ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਅਕਸਰ ਮੱਲਾਂ ਮਾਰਦੇ ਰਹਿੰਦੇ ਹਨ ਕਿ। ਹੁਣ ਤੱਕ ਅਨੇਕਾਂ ਵਿਦਿਆਰਥੀ ਗੋਲਡ ਮੈਡਲ ਵੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਵਾਈਸ ਪਿ੍ਰੰਸੀਪਲ ਮੈਡਮ ਟੀ.ਕੇ. ਬਰਾੜ ਸਮੇਤ ਸੂਝਵਾਨ ਅਧਿਆਪਕ ਸਹਿਬਾਨ ਨੂੰ ਦਿੱਤਾ। ਡਾ. ਐਸ ਐਸ ਬਰਾੜ ਨੇ ਦੱਸਿਆ ਕਿ ਇਸ ਉਮਰ ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣਾ ਬਹੁਤ ਜ਼ਰੂਰੀ ਹੈ।