ਚੇਅਰਮੈਨ ਨੇ ਸੜੀ ਕਣਕ ਦਾ ਲਿਆ ਜਾਇਜ਼ਾ
ਗਗਨ ਧਾਲੀਵਾਲ ਤੇ ਨਾਇਬ ਤਹਿਸੀਲਦਾਰ ਨੇ ਬੀਹਲੇਵਾਲਾ ਵਿਖੇ ਸੜੀ ਕਣਕ ਦਾ ਮੌਕਾ ਦੇਖਿਆ
Publish Date: Sun, 19 Apr 2026 03:52 PM (IST)
Updated Date: Mon, 20 Apr 2026 04:01 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਬੀਤੇ ਕੱਲ੍ਹ ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਕਈ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫਸਲ ਕੰਬਾਈਨ ਨਾਲ ਕਣਕ ਵੱਢਣ ਸਮੇਂ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ ਸੀ।ਜਿਸ ਦੌਰਾਨ ਪਰਮਿੰਦਰ ਸਿੰਘ ਪੁੱਤਰ ਪ੍ਰਿਥੀ ਸਿੰਘ ਦੀ ਤਿੰਨ ਏਕੜ, ਪਵਨਦੀਪ ਸਿੰਘ ਪੁੱਤਰ ਕੇਵਲ ਸਿੰਘ ਦੀ ਤਿੰਨ ਏਕੜ, ਪ੍ਰਕਾਸ਼ ਸਿੰਘ ਪੁੱਤਰ ਚਰਨ ਸਿੰਘ ਦੀ ਕਰੀਬ ਸਾਢੇ ਤਿੰਨ ਏਕੜ ਅਤੇ ਸੂਰਤ ਸਿੰਘ ਪੁੱਤਰ ਮੋਧਾ ਸਿੰਘ ਦੀ 2 ਏਕੜ ਦੇ ਕਰੀਬ ਕਣਕ ਤੇ ਕੁੱਲ 15 ਏਕੜ ਦੀ ਫਸਲ ਅਤੇ 20 ਏਕੜ ਤੋਂ ਵੱਧ ਨਾੜ ਸੜ ਕੇ ਸੁਆਹ ਹੋਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ।ਇਹ ਵੀ ਪਤਾ ਲੱਗਾ ਕਿ ਕੁਝ ਕਿਸਾਨਾਂ ਵੱਲੋਂ ਬਣਾਈ ਗਈ ਤੂੜੀ ਵੀ ਸੜ ਕੇ ਸੁਆਹ ਹੋ ਗਈ।ਹਾਲਾਂਕਿ ਲੋਕਾਂ ਵੱਲੋਂ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਰ ਲਿਆ ਗਿਆ ਸੀ ਪਰ ਫਾਇਰ ਬਰਗੇਡ ਦੀ ਗੱਡੀ ਵੀ ਪੁੱਜ ਗਈ ਸੀ। ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਫਰੀਦਕੋਟ ਨੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਤੇ ਪਟਵਾਰੀ ਮਹਿੰਦਰ ਪਾਲ ਸ਼ਰਮਾਂ ਤੇ ਤਹਿਸੀਲ ਦਫਤਰ ਦੇ ਜਗਦੀਪ ਸਿੰਘ ਨੂੰ ਨਾਲ ਲੈ ਕੇ ਮੌਕਾ ਦੇਖਿਆ ਤੇ ਪੀੜਤ ਕਿਸਾਨਾਂ ਨਾਲ ਗਲਬਾਤ ਕੀਤੀ। ਧਾਲੀਵਾਲ ਨੇ ਪੀੜਤ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਰਕਬੇ ਦੀ ਤੁਰੰਤ ਗਿਰਦਵਾਰੀ ਕਰਵਾ ਕੇ ਹੋਏ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਪੰਜਾਬ ਸਰਕਾਰ ਨੂੰ ਜਲਦੀ ਭੇਜ਼ ਦਿੱਤੀ ਜਾਵੇਗੀ।ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਉਹ ਨਿੱਜੀ ਤੌਰ ਤੇ ਜ਼ਿਲਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨਾਲ ਗਲਬਾਤ ਕਰਨਗੇ ਤੇ ਬਣਦੇ ਨੁਕਸਾਨ ਦੀ ਭਰਪਾਈ ਲਈ ਯਤਨ ਕਰਨਗੇ।ਇਸ ਮੌਕੇ ਪ੍ਰੋ. ਗੁਰਸੇਵਕ ਸਿੰਘ, ਰਾਜਬੀਰ ਸਿੰਘ ਸੰਧੂ ਸਰਪੰਚ ਬੀਹਲੇਵਾਲਾ, ਪਵਨਦੀਪ ਸਿੰਘ ਸੇਖੋਂ, ਹਰਮਨ ਸਿੰਘ, ਸੱਤਾ ਸਿੰਘ, ਕੁਲਦੀਪ ਸਿੰਘ ਵੀਰੇਵਾਲਾ, ਪਰਮਿੰਦਰ ਸਿੰਘ ਢਿੱਲੋਂ ਤੇ ਕਰਮਜੀਤ ਸਿੰਘ ਵੀ ਹਾਜਰ ਸਨ।