- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਮਕੀਆਂ ਦੇ ਬਾਵਜੂਦ ਮੋਗਾ ਦੇ ਮੰਦਰਾਂ ਵਿੱਚ ਭਗਤਾਂ ਦੀ ਆਸਥਾ ਕਾਇਮ, ਮੋਗਾ ਦੇ ਮੰਦਰਾਂ ਵਿਖੇ ਨਹੀਂ ਦਿੱਸਿਆ ਪੁਲਿਸ ਦਾ ਪਹਿਰਾ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਸਕੂਲਾਂ, ਸਰਕਾਰੀ ਦਫ਼ਤਰਾਂ, ਸਕੱਤਰੇਤਾਂ ਅਤੇ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ, ਦੁਰਗਿਆਣਾ ਮੰਦਰ ਅੰਮ੍ਰਿਤਸਰ, ਸ਼੍ਰੀ ਦੇਵੀ ਤਲਾਬ ਮੰਦਰ ਜਲੰਧਰ ਅਤੇ ਮੁਕਤੇਸ਼ਵਰ ਧਾਮ ਮੰਦਰ ਪਠਾਨਕੋਟ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਇਨ੍ਹਾਂ ਧਮਕੀਆਂ ਤੋਂ ਬਾਅਦ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਇਸ ਸਬੰਧੀ ਮੋਗਾ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਗੀਤਾ ਭਵਨ ਸਨਾਤਨ ਧਰਮ ਮੰਦਰ ਅਤੇ ਹਨੂਮਾਨ ਆਦਿ ਮੰਦਰਾ ਵਿਖੇ ਜਾ ਕੇ ਦੇਖਿਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਮੰਦਰਾਂ ਦੇ ਬਾਹਰ ਜਾਂ ਆਸ-ਪਾਸ ਕਿਸੇ ਵੀ ਤਰ੍ਹਾਂ ਦਾ ਵਿਸ਼ੇਸ਼ ਪੁਲਿਸ ਪਹਿਰਾ ਜਾਂ ਸੁਰੱਖਿਆ ਪ੍ਰਬੰਧ ਨਜ਼ਰ ਨਹੀਂ ਆਇਆ। ਭਾਵੇਂ ਸੂਬੇ ਦੇ ਕਈ ਧਾਰਮਿਕ ਅਸਥਾਨਾਂ ਨੂੰ ਧਮਕੀਆਂ ਮਿਲਣ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ, ਪਰ ਮੋਗਾ ਦੇ ਇਨ੍ਹਾਂ ਮੰਦਰਾਂ ਵਿੱਚ ਸਥਿਤੀ ਆਮ ਦਿਖਾਈ ਦਿੱਤੀ। ਮੰਦਰਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਪ੍ਰਭੂ ਦੀ ਕਿਰਪਾ ਅਤੇ ਪ੍ਰਸ਼ਾਸਨ ਦੀ ਸਾਵਧਾਨੀ ਨਾਲ ਸਭ ਕੁਝ ਸੁਰੱਖਿਅਤ ਰਹੇਗਾ। ਸ਼ਰਧਾਲੂਆਂ ਨੇ ਦੱਸਿਆ ਕਿ ਮੰਦਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਖਾਸ ਕਮੀ ਨਹੀਂ ਆਈ ਅਤੇ ਲੋਕ ਪਹਿਲਾਂ ਵਾਂਗ ਹੀ ਮੱਥਾ ਟੇਕਣ ਅਤੇ ਪੂਜਾ-ਅਰਚਨਾ ਲਈ ਪਹੁੰਚ ਰਹੇ ਹਨ। ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਵੇਂ ਧਮਕੀਆਂ ਝੂਠੀਆਂ ਸਾਬਤ ਹੋਣ, ਫਿਰ ਵੀ ਸੁਰੱਖਿਆ ਦੇ ਪੱਖੋਂ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੋਗਾ ਦੇ ਪ੍ਰਮੁੱਖ ਮੰਦਰਾਂ ਵਿੱਚ ਵੀ ਪੁਲਿਸ ਦੀ ਨਿਯਮਿਤ ਗਸ਼ਤ ਅਤੇ ਨਿਗਰਾਨੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਧਾਲੂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਨਜ਼ਰ ਨਹੀਂ ਆਏ, ਜਿਸ ਕਾਰਨ ਕੁਝ ਲੋਕਾਂ ਵਿੱਚ ਚਿੰਤਾ ਵੀ ਵੇਖੀ ਜਾ ਰਹੀ ਹੈ। ਬੰਬ ਧਮਕੀਆਂ ਦੇ ਮਾਹੌਲ ਦੇ ਬਾਵਜੂਦ ਮੋਗਾ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਆਸਥਾ ਅਤੇ ਵਿਸ਼ਵਾਸ ਅਟੁੱਟ ਬਣਿਆ ਹੋਇਆ ਹੈ। ਲੋਕ ਨਿਡਰ ਹੋ ਕੇ ਧਾਰਮਿਕ ਅਸਥਾਨਾਂ ਵਿੱਚ ਪਹੁੰਚ ਰਹੇ ਹਨ ਅਤੇ ਰੋਜ਼ਾਨਾ ਦੀ ਤਰ੍ਹਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਪ੍ਰਗਟ ਕਰ ਰਹੇ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।