- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਦੀਆਂ ਨਹਿਰਾਂ ’ਤੇ ਕੈਨਾਲ-ਸਾਈਡ ਟੂਰਿਜ਼ਮ ਹੱਬ ਬਣਾਉਣ ਦੀ ਮੰਗ : ਅਰਸ਼ ਸੱਚਰ

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਸੋਸ਼ਲ ਵਰਕਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਫ਼ਰੀਦਕੋਟ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਵਿਸਥਾਰਪੂਰਕ ਜਨਹਿਤ ਪ੍ਰਸਤਾਵ ਭੇਜਿਆ ਗਿਆ ਹੈ, ਜਿਸ ਵਿੱਚ ਫ਼ਰੀਦਕੋਟ ਸ਼ਹਿਰ ਵਿੱਚੋਂ ਲੰਘਦੀਆਂ ਨਹਿਰਾਂ ਦੇ ਕੰਢੇ “ਕੈਨਾਲ-ਸਾਈਡ ਟੂਰਿਜ਼ਮ ਹੱਬ” ਵਿਕਸਿਤ ਕਰਨ ਦੀ ਮੰਗ ਕੀਤੀ ਗਈ ਹੈ। ਅਰਸ਼ ਸੱਚਰ ਨੇ ਕਿਹਾ ਕਿ ਫ਼ਰੀਦਕੋਟ ਦੀਆਂ ਨਹਿਰਾਂ ਅੱਜ ਤੱਕ ਸਰਕਾਰੀ ਲਾਪਰਵਾਹੀ ਅਤੇ ਯੋਜਨਾਬੰਦੀ ਦੀ ਘਾਟ ਕਾਰਨ ਸਿਰਫ਼ ਪਾਣੀ ਦੀਆਂ ਲਾਈਨਾਂ ਬਣ ਕੇ ਰਹਿ ਗਈਆਂ ਹਨ, ਜਦਕਿ ਇਨ੍ਹਾਂ ’ਚ ਸ਼ਹਿਰ ਦੀ ਤਸਵੀਰ ਬਦਲਣ ਦੀ ਬੇਹੱਦ ਸੰਭਾਵਨਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਦੇਸ਼-ਵਿਦੇਸ਼ ਦੇ ਕਈ ਮਾਡਲਾਂ ਵਾਂਗ, ਜੇ ਨਹਿਰਾਂ ਦੇ ਆਲੇ-ਦੁਆਲੇ ਸੁਚੱਜਾ ਵਿਕਾਸ ਕੀਤਾ ਜਾਵੇ, ਤਾਂ ਫ਼ਰੀਦਕੋਟ ਨੂੰ ਇੱਕ ਨਵੀਂ ਪਹਿਚਾਣ ਮਿਲ ਸਕਦੀ ਹੈ। ਅਰਸ਼ ਸੱਚਰ ਵੱਲੋਂ ਦਿੱਤੇ ਪ੍ਰਸਤਾਵ ਅਨੁਸਾਰ ਕੈਨਾਲ-ਸਾਈਡ ਟੂਰਿਜ਼ਮ ਹੱਬ ਵਿੱਚ ਹੇਠ ਲਿਖੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ ਨਹਿਰਾਂ ਦੇ ਨਾਲ-ਨਾਲ ਸੁੰਦਰ ਵਾਕਿੰਗ ਟ੍ਰੈਕ ਅਤੇ ਸਾਈਕਲ ਟ੍ਰੈਕ , ਓਪਨ ਜਿਮ, ਯੋਗਾ ਅਤੇ ਧਿਆਨ ਕੇਂਦਰ — ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਵੱਲ ਵਧਣ , ਸਥਾਨਕ ਖਾਣੇ ਲਈ ਫੂਡ ਜ਼ੋਨ, ਜੂਸ ਜੰਕਸ਼ਨ ਅਤੇ ਛੋਟੇ ਰੋਜ਼ਗਾਰ ਕੇਂਦਰ , ਸਥਾਨਕ ਕਲਾਕਾਰਾਂ, ਹਸਤਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਲਚਰਲ ਜ਼ੋਨ , ਬੱਚਿਆਂ ਅਤੇ ਪਰਿਵਾਰਾਂ ਲਈ ਸੁਰੱਖਿਅਤ ਮਨੋਰੰਜਨ ਸਥਾਨ ਅਤੇ ਸੈਲਾਨੀਆਂ ਲਈ ਫ਼ਰੀਦਕੋਟ ਨੂੰ ਆਕਰਸ਼ਕ ਬਣਾਉਣ ਵਾਸਤੇ ਯੋਜਨਾਬੱਧ ਸੁੰਦਰਤਾ ਵਿਕਾਸ ਹੋ ਸਕਦਾ ਹੈ। ਅਰਸ਼ ਸੱਚਰ ਨੇ ਸਪਸ਼ਟ ਕੀਤਾ ਕਿ ਇਹ ਪ੍ਰਾਜੈਕਟ ਕਿਸੇ ਇੱਕ ਵਰਗ ਲਈ ਨਹੀਂ, ਸਗੋਂ ਪੂਰੇ ਫ਼ਰੀਦਕੋਟ ਲਈ ਹੈ। ਇਸ ਨਾਲ ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਸ਼ਹਿਰ ਵਿੱਚ ਸਿਹਤਮੰਦ ਮਾਹੌਲ ਬਣੇਗਾ , ਨਸ਼ਿਆਂ ਵਿਰੁੱਧ ਮਜ਼ਬੂਤ ਸਮਾਜਿਕ ਢਾਂਚਾ ਤਿਆਰ ਹੋਵੇਗਾ ਅਤੇ ਫ਼ਰੀਦਕੋਟ ਦਾ ਟੂਰਿਜ਼ਮ ਮੈਪ ’ਤੇ ਨਾਂ ਉਭਰੇਗਾ। ਉਨ੍ਹਾਂ ਕਿਹਾ, “ਅੱਜ ਫ਼ਰੀਦਕੋਟ ਦਾ ਨੌਜਵਾਨ ਰੁਜ਼ਗਾਰ ਅਤੇ ਸਕਾਰਾਤਮਕ ਮੌਕਿਆਂ ਦੀ ਘਾਟ ਨਾਲ ਜੂਝ ਰਿਹਾ ਹੈ। ਕੈਨਾਲ-ਸਾਈਡ ਟੂਰਿਜ਼ਮ ਹੱਬ ਫ਼ਰੀਦਕੋਟ ਦੇ ਭਵਿੱਖ ਲਈ ਨਵਾਂ ਦਰਵਾਜ਼ਾ ਖੋਲ੍ਹ ਸਕਦਾ ਹੈ।” ਅਰਸ਼ ਸੱਚਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰਸਤਾਵ ਨੂੰ ਤੁਰੰਤ ਸੰਬੰਧਿਤ ਵਿਭਾਗਾਂ ਕੋਲ ਭੇਜਿਆ ਜਾਵੇ , ਸਾਈਟ ਇੰਸਪੈਕਸ਼ਨ ਅਤੇ ਸੰਭਾਵਨਾ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇ ਤਾਂ ਜੋ ਫ਼ਰੀਦਕੋਟ ਵਾਸੀਆਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਸ਼ਹਿਰ ਦੇ ਭਵਿੱਖ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ “ਫ਼ਰੀਦਕੋਟ ਨੂੰ ਸਿਰਫ਼ ਸ਼ਿਕਾਇਤਾਂ ਦਾ ਸ਼ਹਿਰ ਨਹੀਂ, ਮੌਕਿਆਂ ਦਾ ਸ਼ਹਿਰ ਬਣਾਉਣਾ ਮੇਰਾ ਮਕਸਦ ਹੈ ਨਹਿਰਾਂ ਨੂੰ ਗੰਦਗੀ ਦੀ ਲਾਈਨ ਨਹੀਂ, ਵਿਕਾਸ ਦੀ ਲਾਈਨ ਬਣਾਉਣਾ ਹੋਵੇਗਾ। ਕੈਨਾਲ-ਸਾਈਡ ਟੂਰਿਜ਼ਮ ਹੱਬ — ਲੋਕਾਂ ਲਈ, ਨੌਜਵਾਨਾਂ ਲਈ, ਰੋਜ਼ਗਾਰ ਲਈ ਅਤੇ ਫ਼ਰੀਦਕੋਟ ਦੇ ਭਵਿੱਖ ਲਈ ਬਹੁਤ ਵਧੀਆ ਉਪਰਾਲਾ ਹੋਵੇਗਾ।