ਖੁਦਕੁਸ਼ੀ ਮਾਮਲੇ ’ਚ ਬੈਂਕ ਮੈਨੇਜਰ ਖਿਲਾਫ਼ ਕਾਰਵਾਈ ਦੀ ਮੰਗ
ਦੋ ਸਕੇ ਭਰਾਵਾਂ ਦੀ ਖੁਦਕੁਸ਼ੀ ਦੇ ਮਾਮਲੇ ’ਚ ਬੈਂਕ ਮੈਨੇਜਰ ਖਿਲਾਫ਼ ਕਾਰਵਾਈ ਦੀ ਮੰਗ
Publish Date: Thu, 26 Mar 2026 04:08 PM (IST)
Updated Date: Fri, 27 Mar 2026 03:59 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨੇੜਲੇ ਪਿੰਡ ਹਰੀਨੌ ਦੇ ਦੋ ਸਕੇ ਭਰਾਵਾਂ ਵੱਲੋਂ ਕਰਜ਼ੇ ਕਾਰਨ ਰੇਲਗੱਡੀ ਅੱਗੇ ਆ ਕੇ ਖੁਦਕਸ਼ੀ ਮਗਰੋਂ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸ਼ਮਸ਼ਾਨਘਾਟ ਵਿੱਚ ਖੜ੍ਹ ਕੇ ਸਰਕਾਰ ਦੀਆਂ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਅਲਟੀਮੇਟ ਦਿੱਤਾ ਕਿ ਜੇਕਰ ਹਫਤੇ ਦੇ ਅੰਦਰ-ਅੰਦਰ ਕਰਜ਼ੇ ਲਈ ਦੋਵਾਂ ਭਰਾਵਾਂ ਨੂੰ ਕਥਿੱਤ ਪ੍ਰੇਸ਼ਾਨ ਕਰਨ ਵਾਲੇ ਬੈਂਕ ਮੈਨੇਜਰ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪਰਿਵਾਰ ਦਾ ਕਰਜ਼ਾ ਮਾਫ ਕਰਨ, ਮ੍ਰਿਤਕਾਂ ਦੀਆਂ ਪਤਨੀਆਂ ਨੂੰ ਨੌਕਰੀ ਦੇਣ ਅਤੇ ਪਰਿਵਾਰ ਲਈ ਗੁਜ਼ਾਰਾ ਭੱਤਾ ਦੇਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਸੋਮਵਾਰ ਨੂੰ ਹਰੀਨੌ ਪਿੰਡ ਦੇ ਦੋ ਕਿਸਾਨ ਸਕੇ ਭਰਾ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਰੇਲਗੱਡੀ ਅੱਗੇ ਖੁਦਕੁਸ਼ੀ ਕਰ ਲਈ ਸੀ। ਸ੍ਰ. ਡੱਲੇਵਾਲ ਨੇ ਕਿਹਾ ਕਿ ਦੋਵਾਂ ਭਰਾਵਾਂ ਨੇ ਕੁਝ ਸਾਲ ਪਹਿਲਾਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਵਧ ਕੇ ਹੁਣ 17 ਲੱਖ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਰਜ਼ਾ ਉਤਾਰਨ ਲਈ ਉਨ੍ਹਾਂ ਨੂੰ ਜ਼ਮੀਨ ਵੇਚਣ ਲਈ ਕਥਿੱਤ ਤੌਰ ’ਤੇ ਮਜਬੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਨੇ ਆਲੂਆਂ ਦੀ ਖੇਤੀ ਕੀਤੀ ਹੋਈ ਸੀ, ਜਿਸ ਦਾ ਭਾਅ ਘੱਟ ਮਿਲ ਰਿਹਾ ਹੈ ਅਤੇ ਉਧਰੋਂ ਟਰੈਕਟਰ ਦੀ ਕਿਸ਼ਤ ਆਈ ਹੋਈ ਸੀ। ਇਸ ਕਿਸ਼ਤ ਲਈ ਉਨ੍ਹਾਂ ਉਪਰ ਲਗਾਤਾਰ ਬੈਂਕ ਵੱਲੋਂ ਕਥਿੱਤ ਤੌਰ ’ਤੇ ਦਬਾਅ ਪਾਇਆ ਜਾ ਰਿਹਾ ਸੀ।