ਲਿੰਕ ਸੜਕ ਦੇ ਘੋਨੇ ਪੁਲ ’ਤੇ ਕੰਧਾਂ ਕਰਨ ਦੀ ਮੰਗ
ਬਰਗਾੜੀ ਤੋਂ ਝੱਖੜਵਾਲਾ ਲਿੰਕ ਸੜਕ ਸੂਏ ਦੇ ਤੰਗ ਘੋਨੇ ਪੁਲ ’ਤੇ ਕੰਧਾਂ ਕਰਨ ਦੀ ਮੰਗ
Publish Date: Thu, 26 Feb 2026 03:42 PM (IST)
Updated Date: Fri, 27 Feb 2026 04:01 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਕਸਬਾ ਬਰਗਾੜੀ ਤੋਂ ਪਿੰਡ ਝੱਖੜਵਾਲਾ ਜਾਂਦੀ ਲਿੰਕ ਸੜਕ ਵਿਚੋਂ ਲੰਘਦੇ ਸੂਏ ਦੇ ਪੁਲ ਦੀਆਂ ਦੋਵੇਂ ਕੰਧਾਂ ਬਹੁਤ ਸਮੇਂ ਤੋਂ ਢਹਿ ਚੁੱਕੀਆਂ ਹਨ ਅਤੇ ਪੁਲ ਬਿਲਕੁਲ ਘੋਨਾ ਹੋ ਚੁੱਕਿਆ ਹੈ। ਇੱਥੋਂ ਲੰਘਦੇ ਬਰਗਾੜੀ ਅਤੇ ਪਿੰਡ ਝੱਖੜਵਾਲਾ ਦੇ ਰਾਹਗੀਰਾਂ ਨੂੰ ਇਸ ਤੰਗ ਅਤੇ ਘੋਨੇ ਪੁਲ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਸਮੇਂ ਇੱਥੇ ਦੁਰਘਟਨਾ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਪੁਲ ’ਤੇ ਲਿੰਕ ਸੜਕ ਦਾ ਕੁਝ ਮੋੜ ਵੀ ਪੈਂਦਾ ਹੈ, ਜਿਸ ਕਾਰਨ ਸੜਕ ਦਾ ਮੋੜ ਕੱਟਣ ਸਮੇਂ ਖ਼ਤਰਾ ਹੋਰ ਵਧ ਜਾਂਦਾ ਹੈ। ਇਸ ਪੁਲ ਦੀਆਂ ਕੰਧਾਂ ਬਹੁਤ ਸਮੇਂ ਤੋਂ ਡਿੱਗੀਆਂ ਹੋਈਆਂ ਹਨ ਅਤੇ ਕਿਸੇ ਵੀ ਸਬੰਧਿਤ ਮਹਿਕਮੇ ਨੇ ਇਸ ਘੋਨੇ ਪੁਲ ਦੀ ਸਾਰ ਨਹੀਂ ਲਈ। ਪੁਲ ਕੁਝ ਤੰਗ ਹੋਣ ਕਾਰਨ ਇਥੋਂ ਵੱਡੇ ਵਹੀਕਲ ਲੰਘਣ ਸਮੇਂ ਵੀ ਮੁਸ਼ਕਿਲ ਆਉਂਦੀ ਹੈ। ਵੱਡੇ ਟਰਾਲੇ ਜਾਂ ਕੰਬਾਈਨਾਂ ਆਦਿ ਲੰਘਣ ਸਮੇਂ ਵੀ ਮੁਸ਼ਕਿਲ ਆਉਂਦੀ ਹੈ। ਸੂਏ ਵਿਚ ਪਾਣੀ ਵਗਣ ਸਮੇਂ ਇਸ ਸੂਏ ਵਿਚ ਡਿੱਗੇ ਵਾਹਨ ਜਾਂ ਵਿਅਕਤੀ ਨੂੰ ਹੋਰ ਵੀ ਵਧੇਰੇ ਨੁਕਸਾਨ ਹੋ ਸਕਦਾ ਹੈ। ਕਸਬਾ ਬਰਗਾੜੀ ਅਤੇ ਝੱਖੜਵਾਲਾ ਦੇ ਰਾਹਗੀਰਾਂ, ਕਿਸਾਨਾਂ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਚੌੜਾ ਕਰਕੇ ਇਸ ਦੀਆਂ ਕੰਧਾਂ ਕੀਤੀਆਂ ਜਾਣ ਤਾਂ ਕਿ ਰਾਹਗੀਰਾਂ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ।