- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਜੈਤੋ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕਰਵਾਇਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪਦਮ ਸ਼੍ਰੀ ਪ੍ਰੋ. ਗੁਰਦਿਆਲ ਸਿੰਘ ਲਾਇਬਰੇਰੀ ਅਤੇ ਕਮਰਸ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਸਿੱਧ ਹਾਸਰਸ ਕਲਾ ਜੋੜੀ ਕੁਲਵਿੰਦਰ ਕੌਰ ਅਤੇ ਹਰਪ੍ਰੀਤ ਭੱਟੀ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਨੇ ਆਪਣੇ ਜੀਵਨ ਅਤੇ ਕਲਾ ਯਾਤਰਾ ਬਾਰੇ ਵਿਚਾਰ ਸਾਂਝੇ ਕਰਦਿਆਂ ਹਾਸਰਸ ਦੀਆਂ ਕਈ ਰੰਗੀਨ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਸਮਾਗਮ ਦੇ ਕੋਆਰਡੀਨੇਟਰ ਤੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਵਿਅੰਗ ਵਿਧਾ ਦੀ ਮਹੱਤਤਾ ਉਜਾਗਰ ਕਰਦਿਆਂ ਦੋਵਾਂ ਕਲਾਕਾਰਾਂ ਦਾ ਸਵਾਗਤ ਕੀਤਾ। ਸਮਾਗਮ ਦੇ ਕਨਵੀਨਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ ’ਤੇ ਚਰਚਾ ਕਰਦਿਆਂ ਢਾਕਾ ਯੂਨੀਵਰਸਿਟੀ ਦੇ ਉਹਨਾਂ ਵਿਦਿਆਰਥੀਆਂ ਨੂੰ ਸਿਜਦਾ ਕੀਤਾ, ਜਿਨ੍ਹਾਂ ਨੇ 21 ਫ਼ਰਵਰੀ 1952 ਨੂੰ ਬੰਗਲਾ ਭਾਸ਼ਾ ਨੂੰ ਸਨਮਾਨਯੋਗ ਸਥਾਨ ਦਿਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਇਸ ਮੌਕੇ ਡਾ. ਗੁਰਬਿੰਦਰ ਕੌਰ ਨੇ ਅਮਰਜੀਤ ਕੌਕੇ ਦੀ ਲਿਖੀ ਕਵਿਤਾ ਪੇਸ਼ ਕੀਤੀ, ਜਦਕਿ ਪ੍ਰੋ. ਰੁਪਿੰਦਰ ਪਾਲ ਸਿੰਘ ਧਰਮਸੋਤ ਨੇ ਮਾਤ ਭਾਸ਼ਾ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਸੁਰੀਲੇ ਗੀਤ ਰਾਹੀਂ ਮਹਿਫ਼ਲ ਨੂੰ ਰੰਗੀਨ ਬਣਾਇਆ। ਮੰਚ ਸੰਚਾਲਨ ਪ੍ਰੋ. ਗੁਰਜੀਤ ਕੌਰ ਨੇ ਸਾਹਿਤਕ ਅੰਦਾਜ਼ ਵਿੱਚ ਬਾਖੂਬੀ ਨਿਭਾਇਆ। ਸਮਾਗਮ ਦਾ ਸਮੁੱਚਾ ਪ੍ਰਬੰਧ ਅਤੇ ਮਹਿਮਾਨ ਕਲਾਕਾਰਾਂ ਦੀ ਸ਼ਮੂਲੀਅਤ ਦਾ ਪ੍ਰਬੰਧ ਲਾਇਬਰੇਰੀ ਇੰਚਾਰਜ ਮੀਨਾਕਸ਼ੀ ਜੋਸ਼ੀ ਵੱਲੋਂ ਪਰਮਜੀਤ ਕੌਰ ਦੇ ਸਹਿਯੋਗ ਨਾਲ ਕੀਤਾ ਗਿਆ। ਕੋ-ਕਨਵੀਨਰ ਅਤੇ ਕਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ ਨੇ ਧੰਨਵਾਦੀ ਸ਼ਬਦ ਪੇਸ਼ ਕੀਤੇ। ਲਾਇਬਰੇਰੀ ਦੀ ਮਹੱਤਤਾ ਉਜਾਗਰ ਕਰਨ ਅਤੇ ਵਿਦਿਆਰਥੀਆਂ ਨੂੰ ਇਸਦੀ ਵਰਤੋਂ ਲਈ ਪ੍ਰੇਰਿਤ ਕਰਨ ਵਾਸਤੇ ਦੋਵਾਂ ਕਲਾਕਾਰਾਂ ਨੇ ਲਾਇਬਰੇਰੀ ਇੰਚਾਰਜ ਦੀ ਮਦਦ ਨਾਲ ਇੱਕ ਅਭਿਨੈ ਵੰਨਗੀ ਵੀ ਫਿਲਮਾਈ। ਵਿਸ਼ੇਸ਼ ਮਹਿਮਾਨਾਂ ਵਿੱਚ ਕਾਲਜ ਦੇ ਬੀ.ਕਾਮ ਦੇ ਪਹਿਲੇ ਬੈਚ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵੀ ਸ਼ਾਮਿਲ ਸਨ। ਅਨੁਸ਼ਾਸਨ ਦੀ ਜ਼ਿੰਮੇਵਾਰੀ ਪ੍ਰੋ. ਰੁਪਿੰਦਰ ਪਾਲ ਸਿੰਘ, ਡਾ. ਹਲਵਿੰਦਰ ਸਿੰਘ ਅਤੇ ਡਾ. ਗੁਰਬਿੰਦਰ ਕੌਰ ਬਰਾੜ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਦਿਵਯ ਜਯੋਤੀ ਚਾਵਲਾ, ਪ੍ਰੋ. ਲਲਿਤ ਗਰਗ, ਪ੍ਰੋ. ਮਹਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰੀਨੂ ਗੋਇਲ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਸੀਮਾ, ਪ੍ਰੋ. ਸ਼ੀਤਲ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਰਿਪਨਦੀਪ ਕੌਰ ਸਮੇਤ ਕਾਲਜ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।