ਗੁਰਮਿਤ ਗਿਆਨ ਮੁਕਾਬਲੇ ’ਚ ਦਸਮੇਸ਼ ਸਕੂਲ ਅੱਵਲ
ਰਾਸ਼ਟਰ ਪੱਧਰੀ ਗੁਰਮਤਿ ਗਿਆਨ ਮੁਕਾਬਲਿਆਂ ’ਚ ਦਸਮੇਸ਼ ਪਬਲਿਕ ਸਕੂਲ ਦਾ ਪਹਿਲਾ ਸਥਾਨ
Publish Date: Wed, 04 Feb 2026 03:54 PM (IST)
Updated Date: Thu, 05 Feb 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕੋਟਕਪੂਰਾ : ਗੁਰੂ ਨਾਨਕ ਮਲਟੀਵਰਸਟੀ ਅਤੇ ਐਜੂਕੇਟ ਪ੍ਰੋਜੈਕਟ ਪੰਜਾਬ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਗੁਰਮਤਿ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਨੇ ਤਿੰਨ ਪੜਾਵਾਂ ਵਿੱਚੋਂ ਦੀ ਗੁਜ਼ਰਨਾ ਸੀ। ਪਹਿਲਾ ਪੜਾਅ ਸਕੂਲ ਪੱਧਰ, ਦੂਜਾ ਪੜਾਅ ਜ਼ਿਲ੍ਹਾ ਪੱਧਰ ਅਤੇ ਤੀਜਾ ਪੜਾਅ ਨੈਸ਼ਨਲ ਪੱਧਰ ਦਾ ਸੀ। ਇੱਥੇ ਇਹ ਜ਼ਿਕਰਯੋਗ ਹੈ ਕਿ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨਿਤਨੇਮ ਕੌਰ, ਗੁਰਸੀਰਤ ਕੌਰ ਅਤੇ ਗੁਰਨੂਰ ਕੌਰ ਨੇ ਇਹ ਤਿੰਨੇ ਪੜਾਅ ਪਾਰ ਕਰ ਲਏ ਅਤੇ 29 ਜਨਵਰੀ ਨੂੰ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਵਿਖੇ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਿਤਨੇਮ ਕੌਰ ਨੇ ਨੈਸ਼ਨਲ ਪੱਧਰ ’ਤੇ ਪਹਿਲਾ ਇਨਾਮ ਲੈਪਟਾਪ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ। ਗੁਰਸੀਰਤ ਕੌਰ ਅਤੇ ਗੁਰਨੂਰ ਕੌਰ ਨੂੰ ਵੀ ਸਮਾਰਟ ਘੜੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਨੇ ਇਸ ਵਿਸ਼ੇਸ਼ ਪ੍ਰਾਪਤੀ ’ਤੇ ਉਕਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਗੁਰਮਤਿ ਮੁਕਾਬਲੇ ਬੱਚਿਆਂ ਦੀ ਸੂਰਤ ਤੇ ਸੀਰਤ ਦੋਨਾਂ ਨੂੰ ਨਿਖਾਰਦੇ ਹਨ ਅਤੇ ਉਹਨਾਂ ਦਾ ਸਰਬ ਪੱਖੀ ਵਿਕਾਸ ਕਰਦੇ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਆਪਣੀ ਕੀਮਤੀ ਸੁਨੇਹੇ ਵਿੱਚ ਉਕਤ ਵਿਦਿਆਰਥੀਆਂ, ਸਬੰਧਤ ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚੇ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਦੇ ਹਨ।