ਢੀਮਾਂ ਵਾਲੀ ’ਚ ਬੰਦ ਪਈ ਕੱਸੀ ਤੇ ਦਾਣਾ ਮੰਡੀ ਦੀ ਜਗ੍ਹਾ ਨੂੰ ਲੈ ਕੇ ਵਿਵਾਦ
ਪਿੰਡ ਢੀਮਾਂ ਵਾਲੀ ’ਚ ਬੰਦ ਪਈ ਕੱਸੀ ਤੇੋ ਦਾਣਾ ਮੰਡੀ ਦੀ ਜਗ੍ਹਾ ਨੂੰ ਲੈਕੇ ਛਿੜਿਆ ਵਿਵਾਦ
Publish Date: Thu, 19 Feb 2026 07:05 PM (IST)
Updated Date: Fri, 20 Feb 2026 04:10 AM (IST)

ਜੇਕਰ ਲੋੜ ਪਈ ਤਾਂ ਇਨਸਾਫ਼ ਲਈ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ : ਮਨਤਾਰ ਬਰਾੜ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨੇੜਲੇ ਪਿੰਡ ਢੀਮਾਂ ਵਾਲੀ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦ ਮਾਲ ਵਿਭਾਗ ਦੇ ਅਧਿਕਾਰੀ ਸਥਾਨਕ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ’ਚ ਪਿੰਡ ’ਚ ਬੰਦ ਪਈ ਕੱਸੀ ਅਤੇ ਦਾਣਾ ਮੰਡੀ ਦੀ ਜਗ੍ਹਾ ਦੀ ਪੈਮਾਇਸ਼ ਕਰਨ ਲਈ ਪੁੱਜ ਗਏ। ਇਸ ਮੌਕੇ ਪਿੰਡ ਵਾਸੀ ਦਾਣਾ ਮੰਡੀ ’ਚ ਇਕੱਤਰ ਹੋ ਗਏ। ਦੁਪਹਿਰ ਸਮੇਂ ਹਲਕੇ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਵਰਕਰਾਂ ਵਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਤਣਾਅਪੂਰਨ ਮਾਹੌਲ ’ਚ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਵਲੋਂ ਸਥਿਤੀ ਨੂੰ ਕੰਟਰੌਲ ਕਰਨ ਲਈ ਭਾਰੀ ਪੁਲਿਸ ਸੁਰੱਖਿਆ ਫ਼ੋਰਸ ਤਾਇਨਾਤ ਕੀਤੀ ਗਈ। ਇਸ ਮੌਕੇ ਪਾਣੀ ਦੀਆਂ ਬੁਝਾੜਾਂ ਕਰਨ ਵਾਲੀ ਗੱਡੀ ਵੀ ਵੇਖੀ ਗਈ। ਉਕਤ ਵਿਸ਼ੇ ਨੂੰ ਲੈ ਕੇ ਪਿੰਡ ਵਿਚ ਪਹਿਲਾਂ ਵੀ ਦੋ ਵਾਰ ਵਿਵਾਦ ਪੈਦਾ ਹੋ ਚੁੁੱਕਿਆ ਹੈ, ਜਿਸ ’ਤੇ ਚੱਲਦਿਆਂ ਲੋਕਾਂ ਦੇ ਵਿਰੋਧ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀ ਬਿਨ੍ਹਾਂ ਕੋਈ ਵਿਭਾਗੀ ਕਾਰਵਾਈ ਕੀਤਿਆਂ ਵਾਪਸ ਚਲੇ ਗਏ ਸਨ। ਇਸ ਮੌਕੇ ਆਪਣੇ ਸੰਬੋਧਨ ’ਚ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਢਿੱਲੋਂ ਕੋਟਸੁਖੀਆ ਨੇ ਕਿਹਾ ਕਿ ਉਹ ਇਹ ਮੰਗ ਕਰਦੇ ਹਨ ਕਿ ਸਹੀ ਢੰਗ ਨਾਲ ਨਿਸ਼ਾਨਦੇਹੀ ਪੱਕੇ ਪੱਥਰਾਂ ਤੋਂ ਕੀਤੀ ਜਾਵੇ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਹ ਸਰਕਾਰੀ ਕੰਮ-ਕਾਜ ਵੀ ਕੋਈ ਵਿਘਨ ਨਹੀਂ ਪਾਉਣਾ ਚਾਹੁੰਦੇ। ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵਲੋਂ ਕੇਵਲ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਨਿਸ਼ਾਨਦੇਹੀ ਦੇ ਘੇਰੇ ’ਚ ਪਿੰਡ ਵਿਚ ਰਹਿਣ ਵਾਲੇ 45 ਕੁ ਘਰ ਦਲਿਤ ਪਰਿਵਾਰਾਂ ਨਾਲ ਸਬੰਧਿਤ ਆਉਂਦੇ ਹਨ। ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਹ ਇਨ੍ਹਾਂ ਪਰਿਵਾਰਾਂ ਦਾ ਕੋਈ ਵੀ ਨੁਕਸਾਨ ਬਰਦਾਸ਼ਤ ਨਹੀਂ ਕਰਨਗੇ। ਜੇਕਰ ਲੋੜ ਪਈ ਤਾਂ ਇਨਸਾਫ਼ ਲਈ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ। ਮਨਤਾਰ ਬਰਾੜ ਨੇ ਕਿਹਾ ਕਿ ਪਿੰਡ ਵਿਚ ਦਾਣਾ ਮੰਡੀ ਸਾਲ 1993 ਤੋਂ 95 ’ਚ ਬਣੀ ਹੈ ਅਤੇ ਜਦ ਕਿ ਇਸ ਮੰਡੀ ਦੇ ਬਣਨ ਤੋਂ ਪਹਿਲਾਂ ਬਹੁਤ ਸਾਰੇ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਆਪਣਾ ਪੱਕਾ ਰੈਣ-ਬਸੇਰਾ ਬਣਾ ਕੇ ਰਹਿ ਰਹੇ ਹਨ। ਮੌਕੇ ’ਤੇ ਇਕੱਤਰ ਪਿੰਡ ਦੇ ਵਡੇਰੀ ਉਮਰ ਦੇ ਵਿਅਕਤੀਆਂ ਨੇ ਦੱਸਿਆ ਹੈ ਕਿ ਮੁਰੱਬੇਬੰਦੀ ਸਮੇਂ ਸਾਲ 1956 ’ਚ ਪਿੰਡ ਦੇ ਖੇਤਾਂ ’ਚੋਂ ਲੰਘਦੀ ਕੱਸੀ ਬੰਦ ਕਰ ਦਿੱਤੀ ਗਈ ਸੀ। ਇਸ ਜਗ੍ਹਾ ਦੀ ਸਾਲ 1998 ’ਚ ਪੰਜਾਬ ਸਰਕਾਰ ਵਲੋਂ ਨਿਲਾਮੀ ਕਰਵਾ ਕੇ ਇਸ ਦੀ ਬਣਦੀ 20 ਤੋਂ 25 ਫ਼ੀਸਦੀ ਪੇਮੈਂਟ ਜਮ੍ਹਾਂ ਕਰਵਾ ਲਈ ਗਈ ਸੀ। ਉਦੋਂ ਤੋਂ ਹੀ ਲੋਕ ਇਸ ਜਗ੍ਹਾ ਉਪਰ ਕਾਬਜ਼ ਹਨ। ਪਿੰਡ ਦੇ ਸਾਬਕਾ ਸਰਪੰਚ ਗੁਰਪਿਆਰ ਸਿੰਘ ਦਿਓਲ ਨੇ ਸੀਨੀਅਰ ਅਕਾਲੀ ਆਗੂਆਂ ਹਾਜ਼ਰੀ ’ਚ ਦੱਸਿਆ ਹੈ ਕਿ ਸੱਤ੍ਹਾਧਾਰੀ ਧਿਰ ਦੇ ਆਗੂ ਪਿੰਡ ’ਚ ਅਕਾਲੀ ਦਲ ਦੀ ਮਜ਼ਬੂਤ ਹੋਈ ਸਥਿਤੀ ਤੋਂ ਔਖੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਹੱਥਕੰਢੇ ਵਰਤ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਦ ਕਿ ਉਹ ਪੀੜ੍ਹੀਆਂ ਤੋਂ ਅਕਾਲੀ ਦਲ ਨਾਲ ਜੁੜੇ ਹਨ ਅਤੇ ਜੁੜੇ ਰਹਿਣਗੇ। ਨਵੀਂ ਨਿਸ਼ਾਨਦੇਹੀ ਨਾਲ ਦਲਿਤ ਸਮਾਜ ਦੇ ਬੋਹੜ ਸਿੰਘ, ਅਮਰਜੀਤ ਸਿੰਘ, ਜੱਸਾ ਸਿੰਘ, ਨਿਸ਼ਾਨ ਸਿੰਘ, ਕਮਲਜੀਤ ਸਿੰਘ, ਕਾਲਾ ਸਿੰਘ, ਮਨਜੀਤ ਸਿੰਘ ਅਤੇ ਹੋਰ ਪਰਿਵਾਰ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਦਲਿਤ ਸਮਾਜ ਨਾਲ ਸਬੰਧਿਤ ਔਰਤਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਬਜਾਇ ਉਲਟਾ ਉਨ੍ਹਾਂ ਦੇ ਘਰਾਂ ਦਾ ਉਜਾੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਸਬੰਧੀ ਤਹਿਸੀਲਦਾਰ ਰੁਪਿੰਦਰ ਸਿੰਘ ਬੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਖ਼ਤ ਰੁਝੇਵੇਂ ’ਚ ਹੋਣ ਕਾਰਨ ਕੁਝ ਦੱਸ ਨਹੀਂ ਸਕੇ। ਇਸ ਮੌਕੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਅਮਰਜੀਤ ਕੌਰ ਪੰਜਗਰਾਈਂ, ਸਰਕਲ ਪ੍ਰਧਾਨ ਜਤਿੰਦਰ ਸਿੰਘ ਸ਼ਨੀ ਮੌੜ, ਮਨਦੀਪ ਸਿੰਘ ਰੂਬੀ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਗੁਰਪਿਆਰ ਸਿੰਘ ਢੀਮਾਂ ਵਾਲੀ, ਕੁਲਦੀਪ ਸਿੰਘ ਹਰੀਏ ਵਾਲਾ, ਸਰਪੰਚ ਗੁਰਜੀਤ ਸਿੰਘ ਦਿਓਲ, ਸਾਬਕਾ ਸਰਪੰਚ ਗੁਰਬੰਸ ਸਿੰਘ, ਰਾਜਪਾਲ ਸਿੰਘ ਡੇਲਿਆਂ ਵਾਲੀ, ਨਿਰਮਲ ਸਿੰਘ, ਬਲਰਾਜ ਸਿੰਘ, ਰਾਜਾ ਗਿੱਲ ਸਮੇਤ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।