ਮੁੱਖ ਮਾਰਗ ’ਤੇ ਕੀਤੀ ਜਾਵੇਗੀ ਪਾਰਕ ਦੀ ਉਸਾਰੀ : ਧਾਲੀਵਾਲ
ਪਿੰਡ ਸੰਧਵਾਂ ਦੇ ਸੁੰਦਰੀਕਰਨ ਤਹਿਤ ਮੇਨ ਰੋਡ ‘ਤੇ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ – ਮਣੀ ਧਾਲੀਵਾਲ
Publish Date: Sun, 08 Mar 2026 03:59 PM (IST)
Updated Date: Mon, 09 Mar 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਪਿੰਡ ਸੰਧਵਾਂ ਦੇ ਮੇਨ ਰੋਡ ਦੇ ਸੁੰਦਰੀਕਰਨ, ਪਾਰਕ ਬਣਾਉਣ, ਸਟ੍ਰੀਟ ਲਾਈਟਾਂ ਲਗਾਉਣ ਅਤੇ ਹੋਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਅਤੇ ਸਾਧੂ ਰਾਮ ਕੁਸਲਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਸੰਧਵਾਂ ਦੇ ਮੇਨ ਰੋਡ ‘ਤੇ ਇਕ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਨਾਲ ਪਿੰਡ ਦੇ ਵਾਤਾਵਰਣ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸੈਰ-ਸਪਾਟੇ ਲਈ ਵੀ ਵਧੀਆ ਥਾਂ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ, ਸਰਪੰਚ ਗੁਰਪ੍ਰੀਤ ਸਿੰਘ ਅਤੇ ਸਰਪੰਚ ਮੁਖਤਿਆਰ ਸਿੰਘ ਦੇ ਸਹਿਯੋਗ ਨਾਲ ਮੇਨ ਰੋਡ ਦੀ ਸਫਾਈ ਕਰਵਾ ਕੇ ਜੰਗਲਾਤ ਵਿਭਾਗ ਵੱਲੋਂ ਸਜਾਵਟੀ ਰੁੱਖ ਅਤੇ ਫੁੱਲਦਾਰ ਵੇਲਾਂ ਲਗਾ ਕੇ ਇਲਾਕੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਵਿੱਚ ਸਟ੍ਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਇਸ ਦੌਰਾਨ ਬਸਤੀ ਨਾਨਕਸਰ ਸੰਧਵਾਂ ਦੇ ਵਾਸੀਆਂ ਨੇ ਸਪੀਕਰ ਸੰਧਵਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਬਸਤੀ ਨਾਨਕਸਰ ਦੇ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਸੀ ਅਤੇ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੀ। ਹੁਣ ਸਰਦਾਰ ਸੰਧਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਇਸ ਸਮੱਸਿਆ ਦਾ ਹੱਲ ਕੀਤੇ ਜਾਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।