ਕਾਂਗਰਸੀਆਂ ਵੱਲੋਂ ਨਰੇਗਾ ਖ਼ਤਮ ਕਰਨ ਦੇ ਫ਼ੈਸਲੇ ਦਾ ਵਿਰੋਧ
ਕਾਂਗਰਸੀਆਂ ਵੱਲੋਂ ਮਨਰੇਗਾ ਖ਼ਤਮ ਕਰਨ ਦੇ ਫ਼ੈਸਲੇ ਦਾ ਤਿੱਖਾ ਵਿਰੋਧ
Publish Date: Wed, 21 Jan 2026 04:38 PM (IST)
Updated Date: Thu, 22 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਕਾਂਗਰਸ ਕਮੇਟੀ ਓ.ਬੀ.ਸੀ. ਸੈੱਲ ਫ਼ਰੀਦਕੋਟ ਦੇ ਚੇਅਰਮੈਨ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਫ਼ਰੀਦਕੋਟ ਦੇ ਮੈਂਬਰ ਡਾ. ਮੁਹੰਮਦ ਸਲੀਮ ਖਿਲਜੀ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਵਿਨੀਤ ਕੁਮਾਰ ‘ਆਸ਼ੂ ਮਿੱਤਲ’, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਸਕੱਤਰ ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਰੋਮਾਣਾ ਅਜੀਤ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਸਕੱਤਰ ਬਲਵਿੰਦਰ ਸਿੰਘ ‘ਜੱਸੀ’ ਜੈਤੋ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਮਨਰੇਗਾ ਦਾ ਬਜਟ ਘਟਾ ਕੇ, ਮਜ਼ਦੂਰੀ ਦੇ ਭੁਗਤਾਨ ਵਿਚ ਦੇਰੀ ਕਰ ਕੇ ਅਤੇ ਨਵੇਂ ਜਟਿਲ ਨਿਯਮ ਲਾਗੂ ਕਰ ਕੇ ਇਸ ਯੋਜਨਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਸਿੱਧਾ ਅਸਰ ਪਿੰਡਾਂ ਦੇ ਗਰੀਬ ਅਤੇ ਮਿਹਨਤੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਪੈ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਨਰੇਗਾ ਕਾਂਗਰਸ ਪਾਰਟੀ ਵੱਲੋਂ ਲਿਆਂਦੀ ਗਈ ਇੱਕ ਹੱਕ ਆਧਾਰਿਤ ਰੋਜ਼ਗਾਰ ਗਾਰੰਟੀ ਯੋਜਨਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਜ਼ਦੂਰਾਂ, ਕਿਸਾਨਾਂ ਅਤੇ ਗਰੀਬ ਵਰਗ ਦੇ ਨਾਲ ਖੜ੍ਹੀ ਰਹੀ ਹੈ, ਨਾ ਕਿ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਨਾਲ, ਜਿਵੇਂ ਕਿ ਭਾਜਪਾ ਕਰਦੀ ਆ ਰਹੀ ਹੈ। ਡਾ. ਮੁਹੰਮਦ ਸਲੀਮ ਖਿਲਜੀ ਜੈਤੋ, ਵਿਨੀਤ ਕੁਮਾਰ ‘ਆਸ਼ੂ ਮਿੱਤਲ’ ਜੈਤੋ, ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਸੰਦੀਪ ਕੁਮਾਰ ਰੋਮਾਣਾ ਅਜੀਤ ਸਿੰਘ ਅਤੇ ਬਲਵਿੰਦਰ ਸਿੰਘ ‘ਜੱਸੀ’ ਜੈਤੋ ਨੇ ਕਿਹਾ ਕਿ ਮਨਰੇਗਾ ਪਿੰਡਾਂ ਦੇ ਗਰੀਬ ਲੋਕਾਂ ਲਈ ਜੀਵਨ ਰੇਖਾ ਹੈ। ਕੇਂਦਰ ਦੀ ਮੋਦੀ ਸਰਕਾਰ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਇਹ ਹੋਣ ਨਹੀਂ ਦੇਵੇਗੀ। ਅਸੀਂ ਮਨਰੇਗਾ ਮਜ਼ਦੂਰਾਂ ਲਈ ਸਮੇਂ ਸਿਰ ਭੁਗਤਾਨ, ਵੱਧ ਕੰਮ ਦੇ ਦਿਨ ਅਤੇ ਯੋਜਨਾ ਨੂੰ ਮਜ਼ਬੂਤ ਕਰਨ ਲਈ ਹਰ ਮੰਚ ’ਤੇ ਲੜਾਈ ਲੜਾਂਗੇ।