- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਕਾਮਿਆਂ ਦੇ ਹੱਕ ਬਚਾਉਣ ਲਈ ਕਾਂਗਰਸ ਲੜ ਰਹੀ ਹੈ ਜ਼ਮੀਨੀ ਪੱਧਰ ’ਤੇ ਲੜਾਈ : ਕਾਂਗਰਸੀ ਆਗੂ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਨਵਾਂ ਕਾਨੂੰਨ ‘ਵਿਕਸਤ ਭਾਰਤ ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜ਼ੀਵਕਾ ਮਿਸ਼ਨ ਗ੍ਰਾਮੀਣ’ (ਵੀ.ਬੀ.ਜੀ-ਰਾਮ ਜੀ) ਬਣਾ ਕੇ ਮਨਰੇਗਾ ਕਾਮਿਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਗਿਆ ਪਰ ਕਾਂਗਰਸ ਪਾਰਟੀ ਜੋ ਹਮੇਸ਼ਾ ਅਨਿਆਂ ਦੇ ਖ਼ਿਲਾਫ਼ ਖੜਦੀ ਰਹੀ ਹੈ, ਨੇ ਮਨਰੇਗਾ ਵਰਕਰਾਂ ਦੇ ਹੱਕ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਨਾ ਕੇਵਲ ਲੜਾਈ ਆਰੰਭੀ ਸਗੋਂ ਉਸ ਨੂੰ ਵੱਡੇ ਪੱਧਰ ’ਤੇ ਅੰਜਾਮ ਤੱਕ ਲੈ ਜਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਪਵਨ ਗੋਇਲ ਜੈਤੋ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ (ਸਾਬਕਾ ਸਰਪੰਚ ਕਰੀਰਵਾਲੀ), ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ (ਸਾਬਕਾ ਸਰਪੰਚ ਮੜ੍ਹਾਕ), ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ, ਬਲਾਕ ਸੰਮਤੀ ਕੋਟਕਪੂਰਾ ਦੇ ਸਾਬਕਾ ਵਾਈਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ (ਸਾਬਕਾ ਸਰਪੰਚ ਕੋਠੇ ਹਵਾਨਾ) ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ (ਸਾਬਕਾ ਸਰਪੰਚ ਬਰਗਾੜੀ) ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਨੇਤਾ ਵਿਰੋਧੀ ਧਿਰ ਰਾਜ ਸਭਾ ਨੇ ਸੰਸਦ ਦੇ ਦੋਵਾਂ ਸਦਨਾਂ ’ਚ ਕਾਂਗਰਸੀ ਸੰਸਦ ਮੈਂਬਰਾਂ ਸਮੇਤ ਵਿਰੋਧ ਕੀਤਾ ਤੇ ਜਦੋਂ ਸਰਕਾਰ ਨੇ ਮਨਰੇਗਾ ਕਾਮਿਆਂ ਦੇ ਪੇਟ ’ਤੇ ਲੱਤ ਮਾਰਨ ਦੀ ਨੀਯਤ ਨਾਲ ਇਹ ਕਾਨੂੰਨ ਪਾਸ ਕਰਵਾ ਲਿਆ ਤਾਂ ਕਾਂਗਰਸ ਨੇ ਸਮੁੱਚੇ ਦੇਸ਼ ’ਚ ਇਸ ਦੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢੀ ਤੇ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਊ ਸੰਗਰਾਮ ਰੈਲੀਆਂ ਆਰੰਭ ਕੀਤੀਆਂ ਗਈਆਂ। ਪਵਨ ਗੋਇਲ ਜੈਤੋ, ਮਿਹਰ ਸਿੰਘ ਕਰੀਰਵਾਲੀ, ਸਿਕੰਦਰ ਸਿੰਘ ਮੜ੍ਹਾਕ, ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਸੁਖਜੀਤ ਸਿੰਘ ਧਾਲੀਵਾਲ ਕੋਠੇ ਹਵਾਨਾ ਅਤੇ ਪ੍ਰੀਤਪਾਲ ਸਿੰਘ ਭਲੂਰੀਆ ਬਰਗਾੜੀ ਨੇ ਕਿਹਾ ਕਿ ਕਾਂਗਰਸ ਨੇ ਮਨਰੇਗਾ ਕਾਮਿਆਂ ਦੀ ਪੀੜ ਸਮਝਦਿਆਂ ਉਨ੍ਹਾਂ ਦੇ ਹੱਕ ’ਚ ਇਹ ਲਾਮਬੰਦੀ ਕੀਤੀ ਹੈ, ਜਦੋਂਕਿ ਆਪਣੇ ਆਪ ਨੂੰ ਲੋਕ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇਸ ਕਾਨੂੰਨ ਦੇ ਵਿਰੋਧ ’ਚ ਕੋਈ ਠੋਸ ਕਦਮ ਨਹੀ ਚੁੱਕਿਆ। ਉਨ੍ਹਾਂ ਕਿਹਾ ਕਿ ਮਨਰੇਗਾ ਦੀ ਬਹਾਲੀ ਤੱਕ ਸੰਘਰਸ਼ ਕਰਦੇ ਰਹਿਣ ਲਈ ਸਮੁੱਚੀ ਕਾਂਗਰਸ ਪਾਰਟੀ ਵਚਨਬੱਧ ਹੈ।