ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਰੋਕਣ ਲਈ ਛਾਪੇਮਾਰੀ
ਢਾਬਿਆਂ ਤੇ ਰੈਸਟੋਰੈਂਟਾਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਰੋਕਣ ਲਈ ਕੀਤੀ ਛਾਪੇਮਾਰੀ
Publish Date: Fri, 20 Mar 2026 05:30 PM (IST)
Updated Date: Sat, 21 Mar 2026 04:07 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਵਿਰੁੱਧ ਸਖ਼ਤ ਮੁਹਿੰਮ ਚਲਾਈ ਗਈ। ਇਸ ਤਹਿਤ ਸ੍ਰੀ ਗੁਰਜੀਤ ਸਿੰਘ ਦਿਓਲ, ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਫਰੀਦਕੋਟ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਢਾਬਿਆਂ ਅਤੇ ਰੈਸਟੋਰੈਂਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਢਾਬਿਆਂ ਅਤੇ ਹੋਟਲਾਂ ਵਿੱਚ ਵਪਾਰਕ ਕੰਮਾਂ ਲਈ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਹੁੰਦੀ ਪਾਈ ਗਈ, ਜਿਸ ਕਾਰਨ ਵਿਭਾਗ ਵੱਲੋਂ ਮੌਕੇ 'ਤੇ ਹੀ ਘਰੇਲੂ ਸਿਲੰਡਰ ਜ਼ਬਤ ਕੀਤੇ ਗਏ। ਹਾਲਾਂਕਿ ਇਸ ਚੈਕਿੰਗ ਦੌਰਾਨ ਕਿਸੇ ਵੀ ਥਾਂ 'ਤੇ ਘਰੇਲੂ ਸਿਲੰਡਰਾਂ ਦੀ ਵੱਡੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਨਹੀਂ ਆਇਆ। ਸ੍ਰ ਦਿਓਲ ਨੇ ਹੋਟਲ ਅਤੇ ਢਾਬਾ ਮਾਲਕਾਂ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਸਰਕਾਰੀ ਨਿਯਮਾਂ ਅਨੁਸਾਰ ਵਪਾਰਕ ਕੰਮਾਂ ਲਈ ਸਿਰਫ਼ ਕਮਰਸ਼ੀਅਲ ਸਿਲੰਡਰਾਂ ਦੀ ਹੀ ਵਰਤੋਂ ਕੀਤੀ ਜਾਵੇ। ਵਿਭਾਗ ਨੇ ਗੈਸ ਏਜੰਸੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਮ ਖਪਤਕਾਰਾਂ ਨੂੰ ਘਰੇਲੂ ਗੈਸ ਦੀ ਸਪਲਾਈ ਸਮੇਂ ਸਿਰ ਯਕੀਨੀ ਬਣਾਉਣ ਤਾਂ ਜੋ ਜਨਤਾ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਚੈਕਿੰਗ ਦੌਰਾਨ 12 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਨਾਂ ਵਿੱਚੋਂ ਢਾਬੇ ਰੈਸਟੋਰੈਂਟ ਤੇ ਚਾਹ ਅਤੇ ਚਿਕਨ ਦੀਆਂ ਦੁਕਾਨਾਂ ਤੋਂ ਲਗਭਗ 20 ਦੇ ਕਰੀਬ ਸਿਲੰਡਰ ਜਬਤ ਕੀਤੇ ਗਏ।