ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਹੋਰ ਕੰਮਾਂ ’ਤੇ ਲਾਉਣ ਦਾ ਵਿਰੋਧ
ਕੰਪਿਊਟਰ ਅਧਿਆਪਕ ਯੂਨੀਅਨ ਫ਼ਰੀਦਕੋਟ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਨਾਨ ਟੀਚਿੰਗ ਕੰਮਾਂ ’ਤੇ ਲਗਾਉਣ ਦਾ ਵਿਰੋਧ
Publish Date: Tue, 03 Feb 2026 04:34 PM (IST)
Updated Date: Wed, 04 Feb 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਕੰਪਿਊਟਰ ਅਧਿਆਪਕ ਯੂਨੀਅਨ ਫ਼ਰੀਦਕੋਟ ਦੀ ਅੱਜ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਜਿਸ ਵਿਚ ਫ਼ਰੀਦਕੋਟ ਪ੍ਰਸਾਸ਼ਨ ਵੱਲੋਂ ਸਿਹਤ ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਅਧਿਆਪਕਾਂ ਦੀ ਸੁਵਿਧਾ ਕੇਂਦਰਾਂ ਵਿਚ ਡਿਊਟੀ ਲਗਾਉਣ ਦੀ ਮੰਗ ਦਾ ਜਬਰਦਸਤ ਵਿਰੋਧ ਕੀਤਾ ਗਿਆ। ਕੰਪਿਊਟਰ ਅਧਿਆਪਕਾਂ ਵੱਲੋਂ ਇਸ ਗੱਲ ਤੇ ਨਿਰਾਸ਼ਤਾ ਜਤਾਈ ਗਈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕਰਨ ਦੇ ਬਾਵਜੂਦ ਕਿ ਅਧਿਆਪਕਾਂ ਦੀ ਗੈਰ ਵਿੱਦਿਅਕ ਕੰਮਾਂ ਤੇ ਡਿਊਟੀ ਨਹੀਂ ਲਗਾਈ ਜਾਵੇਗੀ।
ਜ਼ਿਲ੍ਹਾ ਪ੍ਰਸਾਸ਼ਨ ਨਾਦਰਸ਼ਾਹੀ ਫੁਰਮਾਨ ਜਾਰੀ ਕਰਦਾ ਹੋਇਆ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਵਾਸਤੇ ਮੰਗ ਕਰ ਰਿਹਾ ਹੈ। ਜਦੋਂ ਕਿ ਡੀ.ਸੀ, ਐੱਸ.ਡੀ.ਐੱਮ ਤੇ ਹੋਰ ਦਫ਼ਤਰਾਂ ਵਿੱਚ ਵਾਧੂ ਸਟਾਫ਼ ਹੈ ਤੇ ਇਹ ਸਾਰਾ ਸਟਾਫ਼ ਆਪ ਵਿਹਲਾ ਰਹਿਣ ਲਈ ਅਜਿਹੇ ਕੰਮਾਂ ’ਤੇ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਲਗਵਾਉਣ ਦੀ ਮੰਗ ਕਰ ਦਿੰਦਾ ਹੈ। ਇਸ ਸਮੇਂ ਛੇਵੀ ਜਮਾਤ ਤੋਂ ਲੈ ਕੇ ਬਾਰ੍ਹਵੀ ਜਮਾਤ ਤੱਕ ਦੇ ਬੋਰਡ ਤੇ ਨਾਨ ਬੋਰਡ ਪ੍ਰੈਕਟੀਕਲ ਅਤੇ ਥਿਉਰੀ ਪੇਪਰ ਪੇਪਰ ਸ਼ੁਰੂ ਹੋ ਚੁੱਕੇ ਹਨ। ਅਧਿਆਪਕਾਂ ਦੀਆਂ ਡਿਊਟੀਆਂ ਇਹਨਾਂ ਪੇਪਰਾਂ ਲਈ ਲੱਗੀਆਂ ਹੋਈਆਂ ਹਨ। ਇਸ ਵਕਤ ਅਧਿਆਪਕਾਂ ਸਕੂਲਾਂ ਵਿੱਚੋਂ ਕੱਢ ਕੇ ਹੋਰ ਦਫ਼ਤਰਾਂ ’ਚ ਕੰਮ ’ਤੇ ਲਗਾਉਣਾ ਮੰਦਭਾਗਾ ਹੈ।
ਇਨ੍ਹਾਂ ਇਮਤਿਹਾਨਾਂ ਦੇ ਸਮੇਂ ਜੇਕਰ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਗੈਰ ਵਿੱਦਿਅਕ ਕੰਮਾਂ ਤੇ ਲਗਾਈਆਂ ਜਾਂਦੀਆਂ ਹਨ ਤਾਂ ਕੰਪਿਊਟਰ ਅਧਿਆਪਕ ਯੂਨੀਅਨ ਇਸਦਾ ਸਖ਼ਤ ਵਿਰੋਧ ਕਰੇਗੀ। ਲੋੜ ਪੈਣ ’ਤੇ ਜ਼ਿਲ੍ਹਾ ਪੱਧਰੀ ਤੇ ਪੰਜਾਬ ਪੱਧਰ ਉੱਪਰ ਵੀ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸਟੇਟ ਕਮੇਟੀ ਮੈਂਬਰ ਜਗਸੀਰ ਸਿੰਘ ਬਰਾੜ, ਹਰਮਿੰਦਰ ਸਿੰਘ ਸੰਧੂ, ਜਨਰਲ ਸਕੱਤਰ ਕੁਲਦੀਪ ਸਿੰਘ ਚਹਿਲ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਫ਼ਰੀਦਕੋਟ, ਨਰਪਿੰਦਰਜੀਤ, ਜਸਪਾਲ ਸਿੰਘ, ਦੀਪਤੀ ਗਰਗ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਕੌਰ, ਸੁਖਜਿੰਦਰ ਕੌਰ ਆਦਿ ਹਾਜ਼ਰ ਸਨ।