- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਤ ਲਹਿਰ ਤੇ ਧੁੰਦ ਨੇ ਮੱਠੀ ਪਾਈ ਜ਼ਿੰਦਗੀ ਦੀ ਰਫ਼ਤਾਰ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ’ਚ ਪੈ ਰਹੀ ਬਰਫ਼ਬਾਰੀ ਨਾਲ ਹੱਢ ਚੀਰਵੀਂ ਠੰਢ ਦਾ ਅਸਰ ਮਾਲਵਾ ਖੇਤਰ ਵਿਚ ਵੀ ਪੈ ਰਿਹਾ ਹੈ। ਭਾਵੇਂ ਇਸ ਖਿੱਤੇ ਵਿਚ ਦਿਨ ਵੇਲੇ ਹਲਕੀ ਜਿਹੀ ਧੁੱਪ ਕਦੀ, ਕਦਾਈਂ ਨਿਕਲਦੀ ਹੈ ਪਰ ਇਸ ਦੇ ਬਾਵਜੂਦ ਠੰਢ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਬੇ੍ਰਕਾਂ ਲਗਾ ਦਿੱਤੀਆਂ ਹਨ। ਹਰ ਰੋਜ਼ ਕਮਾਈ ਕਰ ਕੇ ਦੋ ਡੰਗ ਦੀ ਰੋਟੀ ਦਾ ਜੁਗਾੜ ਬਣਾਉਣ ਵਾਲੇ ਲੋਕਾਂ ਲਈ ਇਹ ਠੰਢ ਵੱਡੀ ਮੁਸੀਬਤ ਬਣ ਬਹੁੜੀ ਹੈ। ਰੇਹੜੀ ਲਾਉਣ ਵਾਲੇ ਅਤੇ ਰੋਜ਼ਾਨਾ ਦਿਹਾੜੀ ਕਰਨ ਵਾਲੇ ਵਿਅਕਤੀਆਂ ਦੇ ਕੰਮਕਾਜ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਠੰਢ ਦੇ ਇਨ੍ਹਾਂ ਦਿਨਾਂ ’ਚ ਰੇਹੜੀਆਂ ’ਤੇ ਕੋਈ ਗਾਹਕ ਨਹੀਂ ਖੜ੍ਹਦਾ। ਉਸਾਰੀਆਂ ਸਮੇਤ ਹੋਰ ਕਾਰਜਾਂ ’ਚ ਦਿਹਾੜੀਆਂ ਚੱਲਣ ਦਾ ਕੰਮ ਵੀ ਠੱਪ ਹੋਣ ਲੱਗਿਆ ਹੈ। ਇਸ ਤੋਂ ਇਲਾਵਾ ਭਾਰੀ ਧੁੰਦ ਅਤੇ ਠੰਢ ਕਾਰਨ ਅਨੇਕਾਂ ਕੰਮਕਾਜ ਠੱਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਆਂ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਉਹ ਸਾਰਾ-ਸਾਰਾ ਦਿਨ ਕੰਮ ਦੀ ਭਾਲ ਵਿਚ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ ਤੇ ਸ਼ੀਤ ਲਹਿਰ ਦੀ ਮਾਰ ਝੱਲਦਿਆਂ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ। ਇਸ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ। ਇਸ ਤੋਂ ਇਲਾਵਾ ਭਾਰੀ ਸਰਦੀ ਕਾਰਨ ਬਜ਼ਾਰਾਂ ਵਿਚ ਰੌਣਕਾਂ ਨੂੰ ਠੱਲ੍ਹ ਪਈ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਛੋਟੀਆਂ ਦੁਕਾਨਾਂ ਵਾਲੇ ਗ੍ਰਾਹਕੀ ਦੀ ਉਡੀਕ ਵਿਚ ਬੈਠੇ ਰਹਿੰਦੇ ਹਨ, ਤੋਂ ਇਲਾਵਾ ਪਿੰਡਾਂ ਵਿਚੋਂ ਵੀ ਬਹੁਤ ਘੱਟ ਗਿਣਤੀ ’ਚ ਗਾਹਕ ਸ਼ਹਿਰਾਂ ਨੂੰ ਆ ਰਹੇ ਹਨ। ਸ਼ਹਿਰ ਦੀਆਂ ਦੁਕਾਨਾਂ ਵੀ ਹੁਣ ਜਲਦੀ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਛੋਟੇ ਦੁਕਾਨਦਾਰ ਵੀ ਮੌਸਮ ਤੋਂ ਪੇ੍ਰਸ਼ਾਨ ਹਨ, ਦੇ ਨਾਲ-ਨਾਲ ਬੱਸਾਂ ਵਿਚ ਮੁਸਾਫ਼ਰਾਂ ਦੀ ਆਵਾਜਾਈ ਵੀ ਪਹਿਲਾਂ ਦੇ ਮੁਕਾਬਲੇ ਅੱਧੀ ਰਹਿ ਗਈ ਹੈ। ਬੱਸਾਂ ਵਾਲੇ ਵੀ ਘੱਟ ਸਵਾਰੀਆਂ ਦੀ ਗਿਣਤੀ ਕਾਰਨ ਘਾਟੇ ਵਿਚ ਜਾ ਰਹੇ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ’ਚ ਠੰਡ ਅਤੇ ਧੁੰਦ ਹੋਰ ਵਧਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਜੈਤੋ ਦੇ ਐੱਸ.ਐੱਚ.ਓ. ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ ਨੇ ਵੀ ਲੋਕਾਂ ਨੂੰ ਅਣਗਹਿਲੀ ਨਾ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਗੱਡੀਆਂ ਨੂੰ ਬਹੁਤ ਘੱਟ ਸਪੀਡ ’ਤੇ ਚਲਾਇਆ ਜਾਵੇ ਅਤੇ ਬਰੇਕਾਂ ਵਗੈਰਾ ਚੈੱਕ ਕਰਕੇ ਹੀ ਚਲਾਉਣ ਦੀ ਸਲਾਹ ਦਿੱਤੀ। ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਕਿਹਾ ਕਿ ਠੰਡ ਅਤੇ ਧੁੰਦ ਦੇ ਮੌਸਮ ’ਚ ਬੱਚਿਆਂ ਨੂੰ ਬਚਾ ਕੇ ਰੱਖਣਾ ਅਤਿ ਜ਼ਰੂਰੀ ਹੈ ਕਿਉਂਕਿ ਬੱਚੇ ਅਤੇ ਬਜ਼ੁਰਗ ਇਹੋ ਜਿਹੇ ਮੌਸਮ ’ਚ ਜ਼ਿਆਦਾ ਬਿਮਾਰ ਹੁੰਦੇ ਹਨ। ਬੱਚਿਆਂ ਦੇ ਗਰਮ ਕੱਪੜੇ ਪਹਿਨਾ ਕੇ ਹੀ ਬਾਹਰ ਕੱਢੋ ਅਤੇ ਬਜ਼ੁਰਗਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ। ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਤਾਂ ਨੂੰ ਪਾਣੀ ਲਗਾਉਣ ਵੇਲੇ ਅਤੇ ਖੇਤ ਜਾਣ ਸਮੇਂ ਮੋਟੇ ਕੱਪੜੇ ਦਸਤਾਨੇ ਵਗੈਰਾ ਪਾ ਕੇ ਹੀ ਜਾਣ।