- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੂ ਤੋਂ ਬਚਾਅ ਲਈ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਬਾਹਰ ਨਾ ਨਿਕਲਣ ਨਾਗਰਿਕ : ਡਾ. ਵਰਿੰਦਰ ਕੁਮਾਰ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਇਲਾਕੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਚੱਲ ਰਹੀ ਤਿੱਖੀ ਲੂ ਦੇ ਮੱਦੇਨਜ਼ਰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੇਰੇ 11.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਗਰਮੀ ਅਤੇ ਲੂ ਦਾ ਪ੍ਰਭਾਵ ਸਭ ਤੋਂ ਵੱਧ ਹੁੰਦਾ ਹੈ, ਇਸ ਲਈ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਇਸ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਤਾਜ਼ਾ ਬੁਲੇਟਿਨ ਅਨੁਸਾਰ ਉੱਤਰ ਭਾਰਤ ਦੇ ਹੋਰ ਇਲਾਕਿਆਂ ਦੀ ਤਰ੍ਹਾਂ ਫ਼ਰੀਦਕੋਟ ਜ਼ਿਲ੍ਹਾ ਵੀ ਅੱਤ ਦੀ ਗਰਮੀ ਦੀ ਲਪੇਟ ਵਿੱਚ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵਧਦਾ ਤਾਪਮਾਨ ਅਤੇ ਗਰਮ ਹਵਾਵਾਂ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਸਾਬਤ ਹੋ ਸਕਦੀਆਂ ਹਨ। ਇਸ ਲਈ ਹਰ ਨਾਗਰਿਕ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ ਵਰਗ, ਮੋਟਾਪੇ ਨਾਲ ਪੀੜਤ ਵਿਅਕਤੀ, ਮਾਨਸਿਕ ਰੋਗੀਆਂ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਖ਼ਾਸ ਤੌਰ ’ਤੇ ਵੱਧ ਤਾਪਮਾਨ ਤੋਂ ਬਚਾਅ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਵਰਗ ਗਰਮੀ ਦੇ ਪ੍ਰਭਾਵ ਲਈ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਬਾਹਰ ਕੰਮ ਕਰਨ ਸਮੇਂ ਹਲਕੇ ਰੰਗ ਦੇ ਢਿੱਲੇ ਅਤੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਹਿਨੇ ਜਾਣ। ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਟੋਪੀ, ਪੱਗ, ਤੌਲੀਆ, ਦੁਪੱਟਾ ਜਾਂ ਛਤਰੀ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਨੰਗੇ ਪੈਰ ਧੁੱਪ ਵਿੱਚ ਨਾ ਨਿਕਲਿਆ ਜਾਵੇ ਅਤੇ ਧੁੱਪ ਵਿੱਚ ਕੰਮ ਕਰਨ ਵਾਲੇ ਵਿਅਕਤੀ ਸਮੇਂ-ਸਮੇਂ ’ਤੇ ਛਾਂ ਵਿੱਚ ਆਰਾਮ ਕਰਨ ਦੇ ਨਾਲ ਸਿਰ ’ਤੇ ਗਿੱਲਾ ਕੱਪੜਾ ਰੱਖਣ ਦੀ ਆਦਤ ਬਣਾਉਣ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਓ.ਆਰ.ਐੱਸ., ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਸਾਫ਼ ਪਾਣੀ ਦੀ ਵਰਤੋਂ ਵਧੇਰੇ ਕੀਤੀ ਜਾਵੇ। ਇਸ ਦੇ ਨਾਲ ਹੀ ਮੌਸਮੀ ਫ਼ਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਖ਼ਰਬੂਜ਼ਾ, ਅੰਗੂਰ, ਖੀਰਾ, ਟਮਾਟਰ, ਘੀਆ ਅਤੇ ਤੋਰੀਆਂ ਦੀ ਵਰਤੋਂ ਸਿਹਤ ਲਈ ਲਾਭਕਾਰੀ ਸਾਬਤ ਹੁੰਦੀ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਸਭ ਤੋਂ ਤਿੱਖੇ ਸਮੇਂ ਦੌਰਾਨ ਖਾਣਾ ਬਣਾਉਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਰਸੋਈ ਵਿੱਚ ਹਵਾ ਦੀ ਆਵਾਜਾਈ ਯਕੀਨੀ ਬਣਾਉਣ ਲਈ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਵਰਗੀਆਂ ਨੁਕਸਾਨਦਾਇਕ ਚੀਜ਼ਾਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ। ਚਾਹ ਅਤੇ ਕੌਫ਼ੀ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਤਲੇ ਹੋਏ ਜਾਂ ਬਾਹਰਲੇ ਖਾਣੇ ਤੋਂ ਪਰਹੇਜ਼ ਕੀਤਾ ਜਾਵੇ।