ਜਨਗਣਨਾ ’ਚ ਵਧੀਆ ਕਾਰਗੁਜ਼ਾਰੀ ਲਈ ਕਰਮਚਾਰੀ ਸਨਮਾਨਿਤ
ਜਨਗਣਨਾ-2027: ਵਧੀਆ ਕਾਰਗੁਜ਼ਾਰੀ ਲਈ ਕਰਮਚਾਰੀ ਸਨਮਾਨਿਤ
Publish Date: Thu, 11 Jun 2026 03:48 PM (IST)
Updated Date: Fri, 12 Jun 2026 04:03 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜਨਗਣਨਾ-2027 ਦੇ ਪਹਿਲੇ ਪੜਾਅ ਦੌਰਾਨ ਵਧੀਆ ਕਾਰਗੁਜ਼ਾਰੀ ਅਤੇ ਸਮੇਂ ਸਿਰ ਕੰਮ ਮੁਕੰਮਲ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਮਾਨਯੋਗ ਮੁੱਖ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਦੀ ਰਹਿਨੁਮਾਈ ਅਤੇ ਉਪ ਮੰਡਲ ਮੈਜਿਸਟਰੇਟ ਜੈਤੋ ਵਿਕਰਮਜੀਤ ਬਾਂਸਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਨਗਣਨਾ-2027 ਦੇ ਪਹਿਲੇ ਪੜਾਅ ਅਧੀਨ ਬਲਾਕ ਜੈਤੋ (ਦਿਹਾਤੀ) ਨੇ ਨਾ ਸਿਰਫ਼ ਆਪਣਾ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ, ਸਗੋਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬਲਾਕ ਵਜੋਂ ਆਪਣੀ ਵੱਖਰੀ ਪਛਾਣ ਵੀ ਬਣਾਈ। ਇਸ ਮਹੱਤਵਪੂਰਨ ਉਪਲਬਧੀ ਦੇ ਮੱਦੇਨਜ਼ਰ ਜਨਗਣਨਾ ਕਾਰਜ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸੁਪਰਵਾਈਜ਼ਰਾਂ ਅਤੇ ਦਫ਼ਤਰੀ ਟੀਮ ਦੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਸੁਪਰਵਾਈਜ਼ਰ ਗੁਰਮੀਤ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਖੱਚੜਾਂ ਅਤੇ ਮੈਡਮ ਰੂਬੀ ਰਾਣੀ ਸ਼ਾਮਿਲ ਸਨ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਦਫ਼ਤਰ ਜੈਤੋ ਦੀ ਜਨਗਣਨਾ ਟੀਮ ਵਿੱਚ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਪ੍ਰਮੋਦ ਧੀਰ, ਗੋਰੀ ਸ਼ੰਕਰ, ਨਵਦੀਪ ਸਿੰਘ ਅਤੇ ਪੰਕਜ ਕੁਮਾਰ ਨੂੰ ਵੀ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਨਯੋਗ ਬਲਾਕ ਸੈਂਸਸ ਅਫ਼ਸਰ-ਕਮ-ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ ਨੇ ਸਨਮਾਨਿਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਭਾਗ ਦੀ ਸਫ਼ਲਤਾ ਉਸਦੇ ਕਰਮਚਾਰੀਆਂ ਦੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਜ਼ਿੰਮੇਵਾਰ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਨਾਲ ਨਾ ਸਿਰਫ਼ ਉਨ੍ਹਾਂ ਦਾ ਮਨੋਬਲ ਵਧਦਾ ਹੈ, ਸਗੋਂ ਹੋਰਨਾਂ ਕਰਮਚਾਰੀਆਂ ਨੂੰ ਵੀ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਵਰਗਾ ਰਾਸ਼ਟਰੀ ਮਹੱਤਵ ਦਾ ਕਾਰਜ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਾ ਹਰ ਅਧਿਕਾਰੀ ਅਤੇ ਕਰਮਚਾਰੀ ਦਾ ਫ਼ਰਜ਼ ਹੈ। ਬਲਾਕ ਜੈਤੋ (ਦਿਹਾਤੀ) ਦੀ ਟੀਮ ਨੇ ਮਿਹਨਤ ਅਤੇ ਟੀਮ ਭਾਵਨਾ ਨਾਲ ਕੰਮ ਕਰਦਿਆਂ ਪਹਿਲੇ ਪੜਾਅ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ, ਜਿਸ ਕਰਕੇ ਇਹ ਬਲਾਕ ਜ਼ਿਲ੍ਹੇ ਵਿੱਚ ਮੋਹਰੀ ਰਿਹਾ ਹੈ। ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਇਸ ਮੌਕੇ ਆਪਣੀ ਸਮੁੱਚੀ ਦਫ਼ਤਰੀ ਟੀਮ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਹੀ ਇਹ ਉਪਲਬਧੀ ਹਾਸਲ ਹੋ ਸਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਪੜਾਆਂ ਵਿੱਚ ਵੀ ਟੀਮ ਇਸੇ ਤਰ੍ਹਾਂ ਮਿਹਨਤ ਅਤੇ ਸਮਰਪਣ ਨਾਲ ਕੰਮ ਕਰਕੇ ਨਵੇਂ ਮਾਪਦੰਡ ਸਥਾਪਿਤ ਕਰੇਗੀ। ਇਸ ਮੌਕੇ ਤਹਿਸੀਲਦਾਰ ਦਫ਼ਤਰ ਦੇ ਰੀਡਰ ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ ਖਾਰਾ, ਕੰਪਿਊਟਰ ਆਪਰੇਟਰ ਗਗਨਦੀਪ ਸਿੰਘ, ਮੈਡਮ ਮਨਤਾਜ਼ ਪਟਵਾਰੀ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।