ਤੇਲ ਫੈਕਟਰੀ ’ਚੋਂ ਨਕਦੀ, ਪਿਸਟਲ ਤੇ ਡੀਵੀਆਰ ਚੋਰੀ
ਤੇਲ ਫੈਕਟਰੀ ’ਚੋਂ ਸਾਢੇ 15 ਲੱਖ ਰੁਪਏ ਦੀ ਨਗਦੀ, ਪਿਸਟਲ ਅਤੇ ਡੀ.ਵੀ.ਆਰ. ਚੋਰੀ
Publish Date: Sun, 08 Feb 2026 03:48 PM (IST)
Updated Date: Mon, 09 Feb 2026 03:59 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼੍ਰੀ ਬਾਲਾ ਜੀ ਟ੍ਰੇਡਰਜ, ਆਇਲ ਮਿਲਜ਼ (ਨੇੜੇ ਸ਼ਿਆਮ ਸੇਵਾ ਮੰਡਲ) ਪੰਚਾਇਤੀ ਗੁਊਸ਼ਾਲਾ ਰੋਡ ਜੈਤੋ ਵਿੱਚੋਂ ਕਰੀਬ ਸਾਢੇ 15 ਲੱਖ ਰੁਪਏ ਦੀ ਨਗਦੀ, ਇੱਕ 32 ਬੋਰ ਦਾ ਪਿਸਟਲ ਅਤੇ ਇੱਕ ਡੀ.ਵੀ.ਆਰ. ਚੋਰੀ ਹੋਣ ਦਾ ਸਮਾਚਾਰ ਪਤਾ ਲੱਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਬਾਲਾ ਜੀ ਟ੍ਰੇਡਰਜ, ਆਇਲ ਮਿਲਜ਼ ਦੇ ਮਾਲਕ ਭੀਮ ਸੈਨ ਜਿੰਦਲ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 4 ਵਜੇ ਦੇ ਕਰੀਬ ਉਨ੍ਹਾਂ ਨੂੰ ਫੈਕਟਰੀ ਵਿੱਚੋਂ ਚੌਂਕੀਦਾਰ ਦਾ ਫੋਨ ਆਇਆ ਕਿ ਫੈਕਟਰੀ ਵਿੱਚ ਚੋਰੀ ਹੋ ਗਈ ਹੈ। ਉਹ ਤੁਰੰਤ ਆਪਣੀ ਫੈਕਟਰੀ ਵਿੱਚ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਇਤਲਾਹ ਮਿਲਦਿਆਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਸਬ-ਡਵੀਜ਼ਨ ਜੈਤੋ ਦੇ ਡੀ.ਐੱਸ.ਪੀ. ਇਕਬਾਲ ਸਿੰਘ ਸੰਧੂ ਤੇ ਥਾਣਾ ਜੈਤੋ ਦੇ ਐੱਸ.ਐੱਚ.ਓ. ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ ਨੇ ਫੈਕਟਰੀ ਵਿੱਚ ਕੰੰਮ ਕਰਦੇ ਸਾਰੇ ਮੁਲਾਜ਼ਮਾਂ ਤੋਂ ਪੁਛਗਿੱਛ ਕੀਤੀ। ਫੈਕਟਰੀ ਦੇ ਮਾਲਕ ਭੀਮ ਸੈਨ ਜਿੰਦਲ ਨੇ ਦੱਸਿਆ ਕਿ ਚੋਰਾਂ ਨੇ ਫੈਕਟਰੀ ਦੇ ਗੇਟ ਦਾ ਕੋਈ ਵੀ ਤਾਲਾ ਨਹੀਂ ਤੋੜਿਆ ਅਤੇ ਫੈਕਟਰੀ ਦੇ ਦਫ਼ਤਰ ਅੰਦਰ ਦਾਖ਼ਲ ਹੋ ਕੇ 3-4 ਦਰਾਜਾਂ ਦੇ ਲੌਕ ਤੋੜ ਕੇ ਕਰੀਬ 15 ਲੱਖ 50 ਹਜ਼ਾਰ ਰੁਪਏ ਨਗਦ, 32 ਬੋਰ ਦਾ ਇੱਕ ਪਿਸਟਲ ਅਤੇ ਡੀ.ਵੀ.ਆਰ. ਚੋਰੀ ਕਰਕੇ ਲੈ ਗਏ ਜਦਕਿ ਉਕਤ ਚੋਰ ਕਾਰ ਵਿੱੱਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੇ ਆਉਣ ਤੇ ਜਾਣ ਦੀਆਂ ਫੋਟੋਆਂ ਗੁਆਂਢੀਆਂ ਦੇ ਕੈਮਰਿਆਂ ’ਚ ਕੈਦ ਹੋ ਗਈਆਂ। ਇਸ ਦੌਰਾਨ ਥਾਣਾ ਜੈਤੋ ਦੇ ਐਸ. ਐਚ.ਓ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਚੋਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਮਾਂ ਚਿੰਤਪੁਰਨੀ ਆਇਲ ਮਿਲਜ਼ (ਕੋਠੇ ਸੰਪੂਰਨ ਸਿੰਘ ਵਾਲੇ) ਬਿਸ਼ਨੰਦੀ ਰੋਡ ਜੈਤੋ ਦੇ ਮਾਲਕ ਤੇ ਅਗਰਵਾਲ ਸਮਾਜ ਸਭਾ (ਰਜਿ:) ਜੈਤੋ ਦੇ ਪ੍ਰਧਾਨ ਸੱਤਪਾਲ ਜਿੰਦਲ, ਸ਼੍ਰੀ ਬਾਲਾ ਜੀ ਆਇਲ ਮਿਲਜ਼ (ਨੇੜੇ ਜਿੰਦਲ ਕਲੋਨੀ) ਜੈਤੋ ਦੇ ਮਾਲਕ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜੈਤੋ ਦੇ ਚੇਅਰਮੈਨ ਨਰੇਸ਼ ਜਿੰਦਲ, ਹੈਪੀ ਜਿੰਦਲ, ਗੌਰਵ ਜਿੰਦਲ, ਦੀਪਾਸ਼ੂ ਜਿੰਦਲ, ਅਸ਼ੀਸ਼ ਜਿੰਦਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।