ਕੈਂਸਰ ’ਤੇ ਮੁੱਢਲੇ ਪੜਾਅ ’ਚ ਕਾਬੂ ਪਾਇਆ ਜਾ ਸਕਦਾ : ਡਾ. ਵਰਿੰਦਰ
ਕੈਂਸਰ ’ਤੇ ਮੁੱਢਲੇ ਪੜਾਅ ਵਿਚ ਕਾਬੂ ਪਾਇਆ ਜਾ ਸਕਦੈ : ਡਾ. ਵਰਿੰਦਰ ਕੁਮਾਰ
Publish Date: Sun, 01 Feb 2026 04:37 PM (IST)
Updated Date: Mon, 02 Feb 2026 04:05 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਂਸਰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਸੰਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਹੋਣੀ ਜ਼ਰੂਰੀ ਹੈ। ਕੈਂਸਰ ਪ੍ਰਤੀ ਜਾਗਰੂਕਤਾ ਅਤੇ ਸਿੱਖਿਆ ਵਧਾ ਕੇ ਹਰ ਸਾਲ ਲੱਖਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕੈਂਸਰ ਦੇ ਲੱਛਣ, ਪ੍ਰਭਾਵ ਤੇ ਬਚਾਅ ਦੇ ਤਰੀਕਿਆਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਛੇਤੀ ਪਛਾਣ ਹੋਣ ’ਤੇ ਇਲਾਜ ਨਾਲ ਕੈਂਸਰ ਠੀਕ ਹੋ ਸਕਦਾ ਹੈ ਅਤੇ ਹੁਣ ਕੈਂਸਰ ਦੀ ਬਿਮਾਰੀ ਲਾ-ਇਲਾਜ ਨਹੀਂ ਹੈ। ਜੇਕਰ ਕੈਂਸਰ ਦਾ ਮੁੱਢਲੀ ਅਵਸਥਾ ਵਿਚ ਪਤਾ ਲੱਗ ਜਾਵੇ ਤਾਂ ਜ਼ਿਆਦਾਤਰ ਕੇਸਾਂ ਵਿਚ ਇਲਾਜ ਆਮ ਬਿਮਾਰੀ ਵਾਂਗ ਸੰਭਵ ਹੋ ਸਕਦਾ ਹੈ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਵਾਤਾਵਰਨ ਕਾਰਕ, ਖਾਣ ਪੀਣ ਦੀਆਂ ਗਲਤ ਆਦਤਾਂ ਤੇ ਗੈਰ-ਸਰਗਰਮ ਜੀਵਨਸ਼ੈਲੀ ਕੈਂਸਰ ਦੇ ਜ਼ੋਖ਼ਮ ਨੂੰ ਵਧਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਮੂੰਹ ਦਾ ਕੈਂਸਰ ਹੋ ਸਕਦਾ ਹੈ ਅਤੇ ਜੋ ਵਿਅਕਤੀ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿਚ ਬ੍ਰੈਸਟ ਕੈਂਸਰ ਆਮ ਗੱਲ ਹੈ ਜਿਸ ਦਾ ਰੈਗੂਲਰ ਟੈਸਟਾਂ ਤੋਂ ਪਤਾ ਲੱਗ ਸਕਦਾ ਹੈ। ਜੇ ਛਾਤੀ ਵਿਚ ਗੰਢਾਂ ਮਹਿਸੂਸ ਹੋਣ ਤਾਂ ਬ੍ਰੈਸਟ ਕੈਂਸਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿਚ ਪਹਿਲਾਂ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਕੈਂਸਰ ਹੋ ਚੁੱਕਾ ਹੋਵੇ, ਉਨ੍ਹਾਂ ਨੂੰ ਆਮ ਵਿਅਕਤੀਆਂ ਤੋਂ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਜ਼ਖ਼ਮ ਠੀਕ ਨਹੀਂ ਹੁੰਦਾ, ਭੁੱਖ ਘੱਟ ਲੱਗਦੀ ਹੈ, ਬਿਨਾਂ ਵਜ੍ਹਾ ਭਾਰ ਘਟਦਾ ਹੈ ਜਾਂ ਲਗਾਤਾਰ ਬਦਹਜ਼ਮੀ ਰਹਿੰਦੀ ਹੈ ਤਾਂ ਸਾਨੂੰ ਤਰੁੰਤ ਆਪਣਾ ਬਾਡੀ ਚੈਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਤਹਿਤ ਕੈਂਸਰ ਪੀੜਤ ਮਰੀਜ਼ਾਂ ਦਾ 1 ਲੱਖ 50 ਹਾਜ਼ਰ ਰੁਪਏ ਤੱਕ ਦਾ ਇਲਾਜ ਮੁਫ਼ਤ ਉਪਲਬਧ ਕਰਵਾਇਆ ਜਾਂਦਾ ਹੈ।