ਬੱਸ ਐਂਡ ਕਾਰ ਆਪ੍ਰੇਟਰਜ਼ ਕਨਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਮੇਟੀ ਦਾ ਐਲਾਨ
ਬੱਸ ਐਂਡ ਕਾਰ ਓਪਰੇਟਰਜ਼ ਕਨਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪੰਜਾਬ ਰਾਜ ਕਾਰਜਕਾਰੀ ਕਮੇਟੀ ਦਾ ਐਲਾਨ
Publish Date: Sun, 07 Jun 2026 03:48 PM (IST)
Updated Date: Mon, 08 Jun 2026 04:02 AM (IST)

ਜਵਾਹਰ ਸਿੰਘ ਮੱਲ੍ਹੀ ਬਣੇ ਪੰਜਾਬ ਪ੍ਰਧਾਨ, ਤਜਰਬੇਕਾਰ ਆਗੂਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਦੇਸ਼ ਭਰ ਦੇ ਬੱਸ ਅਤੇ ਕਾਰ ਓਪਰੇਟਰਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਮੁੱਖ ਸੰਸਥਾ ਬੱਸ ਐਂਡ ਕਾਰ ਓਪਰੇਟਰਜ਼ ਕਨਫੈਡਰੇਸ਼ਨ ਆਫ਼ ਇੰਡੀਆ (ਬੀ.ਓ.ਸੀ.ਆਈ.) ਨੇ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਦਿਆਂ ਨਵੀਂ ਪੰਜਾਬ ਰਾਜ ਕਾਰਜਕਾਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਨਫੈਡਰੇਸ਼ਨ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ (ਸਟੇਜ ਕੈਰਿਜ) ਰਾਜੇਸ਼ ਪਰਾਸ਼ਰ ਨੇ ਦੱਸਿਆ ਕਿ ਇਹ ਨਿਯੁਕਤੀਆਂ ਕਨਫੈਡਰੇਸ਼ਨ ਦੀ ਰਾਸ਼ਟਰੀ ਕਾਰਜਕਾਰੀ ਦੀ ਮਨਜ਼ੂਰੀ ਉਪਰੰਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਨਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਪ੍ਰਸੰਨਾ ਪਟਵਰਧਨ ਦੀ ਸਿਫ਼ਾਰਸ਼ ਅਤੇ ਸਹਿਮਤੀ ਨਾਲ ਪ੍ਰਸਿੱਧ ਟਰਾਂਸਪੋਰਟ ਕਾਰੋਬਾਰੀ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਆਗੂ ਜਵਾਹਰ ਸਿੰਘ ਮੱਲ੍ਹੀ ਵਾਸੀ ਜੈਤੋ ਮੰਡੀ, ਜ਼ਿਲ੍ਹਾ ਫ਼ਰੀਦਕੋਟ ਨੂੰ ਪੰਜਾਬ ਰਾਜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਿੰਦਰ ਸਿੰਘ ਕੈਂਥ, ਰਾਜਿੰਦਰ ਸਿੰਘ ਹੁਡਲ, ਸਤਵਿੰਦਰ ਸਿੰਘ ਬਰਾੜ, ਕਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਪੰਜਾਬ ਰਾਜ ਦੇ ਉਪ ਪ੍ਰਧਾਨਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ ਰਾਜੇਸ਼ ਪਰਾਸ਼ਰ ਨੇ ਕਿਹਾ ਕਿ ਨਵੀਂ ਕਾਰਜਕਾਰੀ ਕਮੇਟੀ ਵਿੱਚ ਤਜਰਬੇਕਾਰ, ਦੂਰਅੰਦੇਸ਼ੀ ਅਤੇ ਸੰਗਠਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਵਿੱਚ ਕਨਫੈਡਰੇਸ਼ਨ ਦੀਆਂ ਗਤੀਵਿਧੀਆਂ ਨੂੰ ਨਵਾਂ ਉਤਸ਼ਾਹ ਅਤੇ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਟੀਮ ਸੂਬੇ ਭਰ ਦੇ ਬੱਸ ਅਤੇ ਕਾਰ ਓਪਰੇਟਰਾਂ ਨੂੰ ਇੱਕ ਮਜ਼ਬੂਤ ਮੰਚ ਪ੍ਰਦਾਨ ਕਰੇਗੀ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯਾਤਰੀ ਆਵਾਜਾਈ ਖੇਤਰ ਦੇ ਸਾਹਮਣੇ ਆ ਰਹੀਆਂ ਵੱਖ-ਵੱਖ ਚੁਣੌਤੀਆਂ, ਵਧਦੀਆਂ ਲਾਗਤਾਂ, ਨੀਤੀਗਤ ਮੁੱਦਿਆਂ ਅਤੇ ਉਦਯੋਗ ਦੇ ਵਿਕਾਸ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਕਨਫੈਡਰੇਸ਼ਨ ਲਗਾਤਾਰ ਸਰਗਰਮ ਭੂਮਿਕਾ ਨਿਭਾ ਰਹੀ ਹੈ। ਪੰਜਾਬ ਦੀ ਨਵੀਂ ਟੀਮ ਵੀ ਇਸ ਦਿਸ਼ਾ ਵਿੱਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਿਆਂ ਸੂਬੇ ਦੇ ਟਰਾਂਸਪੋਰਟ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਰਹੇਗੀ। ਰਾਜੇਸ਼ ਪਰਾਸ਼ਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਰਾਸ਼ਟਰੀ ਨੇਤ੍ਰਿਤਵ ਦੀ ਰਹਿਨੁਮਾਈ ਅਤੇ ਨਵੀਂ ਕਾਰਜਕਾਰੀ ਦੀ ਸਾਂਝੀ ਕਾਰਗੁਜ਼ਾਰੀ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਬੱਸ ਅਤੇ ਕਾਰ ਓਪਰੇਟਰਾਂ ਦੇ ਹੱਕਾਂ ਦੀ ਰੱਖਿਆ, ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਆਵਾਜਾਈ ਉਦਯੋਗ ਦੇ ਸਰਬਪੱਖੀ ਵਿਕਾਸ ਲਈ ਅਹਿਮ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਵਿਸ਼ਾਲ ਤਜਰਬਾ, ਦ੍ਰਿੜ ਵਚਨਬੱਧਤਾ ਅਤੇ ਮਜ਼ਬੂਤ ਨੇਤ੍ਰਿਤਵ ਪੰਜਾਬ ਵਿੱਚ ਕਨਫੈਡਰੇਸ਼ਨ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਵਿੱਚ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਟਰਾਂਸਪੋਰਟ ਭਾਈਚਾਰੇ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ਇਸ ਮੌਕੇ ਨਵ-ਨਿਯੁਕਤ ਪੰਜਾਬ ਪ੍ਰਧਾਨ ਜਵਾਹਰ ਸਿੰਘ ਮੱਲ੍ਹੀ ਜੈਤੋ ਨੇ ਕਨਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਪ੍ਰਸੰਨਾ ਪਟਵਰਧਨ, ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਰਾਜੇਸ਼ ਪਰਾਸ਼ਰ ਅਤੇ ਸਮੁੱਚੇ ਰਾਸ਼ਟਰੀ ਨੇਤ੍ਰਿਤਵ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਗਟਾਏ ਗਏ ਵਿਸ਼ਵਾਸ ਨੂੰ ਉਹ ਆਪਣੀ ਵੱਡੀ ਜ਼ਿੰਮੇਵਾਰੀ ਅਤੇ ਮਾਣ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਸ ਅਤੇ ਕਾਰ ਓਪਰੇਟਰਾਂ ਦੀਆਂ ਸਮੱਸਿਆਵਾਂ ਦੇ ਹੱਲ, ਉਨ੍ਹਾਂ ਦੇ ਹੱਕਾਂ ਦੀ ਰਾਖੀ ਅਤੇ ਟਰਾਂਸਪੋਰਟ ਖੇਤਰ ਦੀ ਮਜ਼ਬੂਤੀ ਲਈ ਉਹ ਪੂਰੇ ਸੂਬੇ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਨਫੈਡਰੇਸ਼ਨ ਨੂੰ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਅਤੇ ਟਰਾਂਸਪੋਰਟ ਭਾਈਚਾਰੇ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਜਵਾਹਰ ਸਿੰਘ ਮੱਲ੍ਹੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਮੂਹ ਟੀਮ ਦੇ ਸਹਿਯੋਗ, ਏਕਤਾ ਅਤੇ ਸਾਂਝੇ ਯਤਨਾਂ ਨਾਲ ਪੰਜਾਬ ਵਿੱਚ ਕਨਫੈਡਰੇਸ਼ਨ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾਵੇਗਾ ਅਤੇ ਟਰਾਂਸਪੋਰਟ ਉਦਯੋਗ ਨਾਲ ਜੁੜੇ ਹਰ ਵਰਗ ਦੇ ਹਿੱਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨੁਮਾਇੰਦਗੀ ਕੀਤੀ ਜਾਵੇਗੀ।