ਨਰੇਗਾ ’ਚ ਬਦਲਾਅ ਕਰਨ ਦੀ ਕੀਤੀ ਨਿਖੇਧੀ
ਭਾਜਪਾ ਵਾਲੀ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਬਦਲ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਮਾਰਿਆ ਡਾਕਾ : ਕਾਂਗਰਸੀ ਆਗੂ
Publish Date: Wed, 21 Jan 2026 04:40 PM (IST)
Updated Date: Thu, 22 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਕਾਨੂੰਨ ਬਦਲ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਉਨ੍ਹਾਂ ਦੇ ਹੱਕ ਖੋਹ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ, ਪੰਚਾਇਤ ਯੂਨੀਅਨ ਵਿਧਾਨ ਸਭਾ ਹਲਕਾ ਜੈਤੋ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਹਰਜਿੰਦਰ ਸਿੰਘ ‘ਲਾਲੀ ਬਰਾੜ’ (ਸਾਬਕਾ ਸਰਪੰਚ ਚੰਦਭਾਨ), ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ‘ਹੈਪੀ’ ਰੋਮਾਣਾ ਅਜੀਤ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਸੂਰਘੁਰੀ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲ ਪੁਰਾਣੇ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਗਰੀਬਾਂ ਲਈ ਰੋਜ਼ੀ-ਰੋਟੀ ਲਈ ਸ਼ੁਰੂ ਕੀਤਾ ਮਨਰੇਗਾ ਕਾਨੂੰਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਮਜ਼ਦੂਰ ਨੂੰ ਕੰਮ ਕਰਨ ਅਤੇ ਮੰਗਣ ਦਾ ਕਾਨੂੰਨੀ ਹੱਕ ਸੀ ਤੇ ਜਦੋਂ ਮਜ਼ਦੂਰ ਕੰਮ ਮੰਗਦਾ ਸੀ ਤਾਂ ਸਰਕਾਰਾਂ ਦੀ ਕਾਨੂੰਨੀ ਜ਼ਿੰਮੇਵਾਰੀ ਵੀ ਬਣਦੀ ਸੀ ਕਿ ਉਹ ਮਜਦੂਰਾਂ ਨੂੰ ਕੰਮ ਦੇਣ ਪਰ ਹੁਣ ਭਾਜਪਾ ਸਰਕਾਰ ਦੇ ਨਵੇਂ ਕਾਨੂੰਨ ਅਨੁਸਾਰ ਕੰਮ ਦੇਣਾ ਜਾਂ ਨਾ ਦੇਣਾ ਸਰਕਾਰ ਦੀ ਮਰਜ਼ੀ ’ਤੇ ਨਿਰਭਰ ਹੈ ਅਤੇ ਨਵੇਂ ਕਾਨੂੰਨ ’ਚ ਸਰਕਾਰ ਨੇ ਬਜਟ ਪਹਿਲਾਂ ਹੀ ਤੈਅ ਕਰ ਦੇਣਾ ਹੈ ਕਿ ਜਦੋਂ ਬਜਟ ਮੁੱਕ ਗਿਆ ਤਾਂ ਸਰਕਾਰ ਕੰਮ ਦੇਣ ਤੋਂ ਇਨਕਾਰ ਕਰ ਸਕਦੀ ਹੈ। ਯਾਨੀ ਕਿ ਹੁਣ ਕੰਮ ਮੰਗਣ ਦਾ ਹੱਕ ਖ਼ਤਮ ਕਰ ਦਿੱਤਾ ਗਿਆ। ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਹਰਜਿੰਦਰ ਸਿੰਘ ‘ਲਾਲੀ ਬਰਾੜ’ ਚੰਦਭਾਨ, ਮਨਜਿੰਦਰ ਸਿੰਘ ‘ਹੈਪੀ’ ਰੋਮਾਣਾ ਅਜੀਤ ਸਿੰਘ ਅਤੇ ਗੁਰਜੰਟ ਸਿੰਘ ਬਰਾੜ ਸੂਰਘੁਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਮਜ਼ਦੂਰ ਵਰਗ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਤੇ ਹਰ ਸਮੇਂ ਖੜ੍ਹੀ ਰਹੇਗੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਇਸ ਕਾਨੂੰਨ ’ਚ ਬਦਲਾ ਕਰਨ ’ਤੇ ਕੇਂਦਰ ਦੀ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕਰਦੇ ਹਨ ਤੇ ਪੁਰਾਣੇ ਕਾਨੂੰਨ ਨੂੰ ਬਹਾਲ ਕਰਨ ਦੀ ਮੰਗ ਕਰਦੇ ਹਨ।