ਕਿਸਾਨ ਯੂਨੀਅਨ ਨੇ ਚਿੱਪ ਵਾਲੇ ਮੀਟਰ ਲਾਹ ਕੇ ਦਫਤਰ ’ਚ ਜਮ੍ਹਾਂ ਕਰਵਾਏ
ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਚਿੱਪ ਵਾਲੇ ਮੀਟਰ ਲਾਹ ਕੇ ਬਿਜਲੀ ਬੋਰਡ ਨੂੰ ਜਮਾਂ ਕਰਵਾਏ
Publish Date: Fri, 16 Jan 2026 03:49 PM (IST)
Updated Date: Sat, 17 Jan 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਾਦਿਕ ਬਲਾਕ ਦੇ ਬਿਜਲੀ ਬੋਰਡ ਦੇ ਦਫਤਰ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਹ ਇਕੱਠ ਬਿਜਲੀ ਸੋਧ ਬਿੱਲ 2025 ਦੇ ਸਬੰਧ ਵਿੱਚ ਕੀਤਾ ਗਿਆ ਅਤੇ ਵੱਖ ਵੱਖ ਸਾਦਿਕ ਦੇ ਪਿੰਡਾਂ ਤੋਂ ਬਿਜਲੀ ਦੇ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਬੋਰਡ ਦੇ ਦਫਤਰ ਵਿਖੇ ਜਮਾ ਕਰਵਾਏ ਗਏ। ਇਸ ਸਮੇਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਵਿਰੁੱਧ ਸਖਤ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸਰਤਾਜ ਸਿੰਘ ਜੰਡਵਾਲਾ ਮੀਤ ਪ੍ਰਧਾਨ ਬਲਾਕ ਸਾਦਿਕ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਸੀਂ ਬਿਜਲੀ ਸੋਧ ਬਿੱਲ 2025 ਦਾ ਸਖਤ ਵਿਰੋਧ ਕਰਦੇ ਹਾਂ। ਜੇਕਰ ਇਹ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ ਤਾਂ ਇਹ ਧਰਨੇ ਜਾਰੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਧਰਨਿਆਂ ਦਾ ਹੋਰ ਵੀ ਪ੍ਰਚੰਡ ਰੂਪ ਦੇਖਣ ਨੂੰ ਮਿਲੇਗਾ। ਸਾਰੇ ਪਿੰਡਾਂ ਵੱਲੋਂ ਇਹ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਬਿਜਲੀ ਵਿਭਾਗ ਜੇ ਕਿਸੇ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸੇ ਪਿੰਡ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ 19 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੀ ਜਾ ਰਹੀ ਮਹਾਂ ਪੰਚਾਇਤ ਬਾਰੇ ਵਿਚਾਰ ਵਟਾਂਦਰਾ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆ। ਜਿਵੇਂ ਕਿ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਟੇਢੇ ਢੰਗ ਨਾਲ ਕੀਤੇ ਜਾ ਰਹੇ ਤਿੰਨ ਖੇਤੀ ਕਾਲੇ ਕਾਨੂੰਨ ਬੀਜ ਸੋਧ ਬਿਲ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਜੋ ਕਿ ਲਗਭਗ 12 ਹਨ ਪਰ ਇਹ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ। ਇਸ ਸਮੇਂ ਬਲਾਕ ਪ੍ਰਧਾਨ ਨਾਇਬ ਸਿੰਘ ਸ਼ੇਰ ਸਿੰਘ ਵਾਲਾ ਨੇ ਕਿਹਾ ਕਿ ਜਦੋਂ ਤੱਕ ਸਰਕਾਰਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਆਪਣੇ ਧਰਨੇ ਮੁਜ਼ਾਹਰੇ ਇਸੇ ਤਰ੍ਹਾਂ ਜਾਰੀ ਰੱਖੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲੇਗਾ। ਇਸ ਧਰਨੇ ਵਿੱਚ ਹਰਜੀਤ ਸਿੰਘ ਸਾਧੂਵਾਲਾ, ਗੁਰਪ੍ਰੀਤ ਸਿੰਘ ਮੁਮਾਰਾ, ਦਿਲਬਾਗ ਸਿੰਘ ਸ਼ੇਰ ਸਿੰਘ ਵਾਲਾ, ਗੁਰਪ੍ਰੀਤ ਸਿੰਘ ਕੌਣੀ, ਗਮਦੂਰ ਸਿੰਘ ਅਹਿਲ, ਗੁਰਪ੍ਰੀਤ ਸਿੰਘ ਸਾਦਿਕ, ਜਗਤਾਰ ਸਿੰਘ ਸ਼ੇਰ ਸਿੰਘ ਵਾਲਾ, ਲਖਬੀਰ ਸਿੰਘ ਬੀਹਲੇ ਵਾਲਾ, ਸੁਖਦੇਵ ਸਿੰਘ ਮਚਾਕੀ ਕਲਾਂ, ਹਰਨੇਕ ਸਿੰਘ ਮਿੱਡੂਮਾਨ, ਪਰਮਜੀਤ ਕੌਰ ਸਾਦਿਕ ਆਦਿ ਹਾਜਰ ਸਨ।