ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ
ਭਗਤ ਸਿੰਘ ਅਤੇ ਸਾਥੀਆਂ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ : ਡਾ. ਗੁਰਚਰਨ ਭਗਤੂਆਣਾ
Publish Date: Sat, 21 Mar 2026 03:38 PM (IST)
Updated Date: Sun, 22 Mar 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਦੇਸ਼ ਦੇ ਕ੍ਰਾਂਤੀਕਾਰੀ ਮਹਾਨ ਸ਼ਹੀਦ ਸ. ਭਗਤ ਸਿੰਘ ਦਾ 95ਵਾਂ ਸ਼ਹੀਦੀ ਦਿਹਾੜਾ 23 ਮਾਰਚ, ਦਿਨ ਮੰਗਲਵਾਰ ਨੂੰ ਆ ਰਿਹਾ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਬਸੰਤੀ ਪੱਗ ਬੰਨ ਕੇ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਨੂੰ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 23 ਮਾਰਚ ਨੂੰ ਸ਼ਹੀਦੀ ਸਮਾਗਮ ਕਰਕੇ ਕ੍ਰਾਂਤੀਕਾਰੀ ਨੌਜਵਾਨਾਂ ਦਾ ਸ਼ਹੀਦੀ ਦਿਹਾੜਾ ਸਰਕਾਰੀ ਤੌਰ ’ਤੇ ਮਨਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾਕਟਰ ਗੁਰਚਰਨ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਹੋਇਆ 95 ਸਾਲ ਬੀਤ ਰਹੇ ਹਨ ਅਤੇ ਦੇਸ਼ ਆਜ਼ਾਦ ਹੋਇਆ 79 ਸਾਲ ਹੋ ਗਏ ਹਨ। ਕੇਂਦਰ ਅਤੇ ਪੰਜਾਬ ’ਚ ਅਨੇਕਾਂ ਸਰਕਾਰਾਂ ਬਦਲੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਭਗਤ ਸਿੰਘ ਤੇ ਸਾਥੀਆਂ ਨੂੰ ਕੇਂਦਰ ’ਚ ਸ਼ਹੀਦ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਅਤੇ ਧਰਮਾਂ ਵਿੱਚ ਵੰਡ ਕੇ ਰਾਜ ਕੀਤਾ ਜਾਵੇਗਾ। ਜੋ ਅੱਜ ਸੱਚ ਹੋ ਰਹੀਆਂ ਹਨ, ਲੋਕਾਂ ਨੂੰ ਧਰਮਾਂ ਦੇ ਨਾਮ ’ਤੇ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਇੱਕ ਪੰਜਾਬੀ ਨੌਜਵਾਨ ਸੀ ਜਿਸ ਕਾਰਨ ਉਸ ਦਾ ਪੰਜਾਬੀ ਨੌਜਵਾਨਾਂ ਉੱਪਰ ਖ਼ਾਸ ਪ੍ਰਭਾਵ ਹੈ ਅਤੇ ਉਹ ਨੌਜਵਾਨਾਂ ਲਈ ਰੋਲ ਮਾਡਲ ਹੈ। ਡਾ. ਗੁਰਚਰਨ ਭਗਤੂਆਣਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਜਲੰਧਰ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ‘ਸ਼ਹੀਦ ਭਗਤ ਸਿੰਘ ਰੇਲਵੇ ਸਟੇਸ਼ਨ ਜਲੰਧਰ’ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਹਰ ਜ਼ਿਲ੍ਹੇ ਵਿੱਚ ਭਗਤ ਸਿੰਘ ਦੇ ਨਾਮ ’ਤੇ ਲਾਇਬ੍ਰੇਰੀ ਸਥਾਪਤ ਕੀਤੀ ਜਾਵੇ ਅਤੇ 23 ਮਾਰਚ ਨੂੰ ਸ਼ਹੀਦੀ ਦਿਨ ਤੇ ਪੂਰੇ ਪੰਜਾਬ ਵਿਚ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ ਕੀਤਾ ਜਾਵੇ।