ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਦੋ ਧਿਰਾਂ ’ਚ ਟਕਰਾਅ
ਨਗਰ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦੋ ਧਿਰਾਂ ਵਿੱਚ ਹੋਈ ਲੜਾਈ, ਦੋ ਨੌਜਵਾਨ ਜ਼ਖ਼ਮੀ
Publish Date: Mon, 05 Jan 2026 04:08 PM (IST)
Updated Date: Tue, 06 Jan 2026 04:00 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੱਢੇ ਜਾਣ ਵਾਲੇ ਨਗਰ ਕੀਰਤਨ ਵਿੱਚ ਸਵੇਰੇ ਟਰੈਕਟਰ ਲਾਉਣ ਦੇ ਮਾਮਲੇ ਵਿੱਚ ਦੋ ਧਿਰਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ, ਜਿਸ ਵਿੱਚ ਦੋ ਨੌਜਵਾਨ ਗੰਭੀਰ ਜਖਮੀ ਹੋ ਗਏ, ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਮੁਤਾਬਿਕ ਗੁਰਦਵਾਰਾ ਸਾਹਿਬ ਦੀ ਜਮੀਨ ਉਪਰ ਪਿਛਲੇ ਕਰੀਬ 25-30 ਸਾਲਾਂ ਤੋਂ ਇਕ ਪਰਿਵਾਰ ਦਾ ਕਥਿੱਤ ਤੌਰ ’ਤੇ ਨਜਾਇਜ ਕਬਜਾ ਹੈ, ਸਾਲ 2018 ਵਿੱਚ ਵੀ ਉਕਤ ਪਰਿਵਾਰ ਨਾਲ ਉਸ ਸਮੇਂ ਦੀ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਵਿਵਾਦ ਹੋਇਆ ਤਾਂ ਪਰਿਵਾਰ ਨੇ 2021 ਵਿੱਚ ਜਮੀਨ ਛੱਡਣ ਦਾ ਵਾਅਦਾ ਕੀਤਾ ਪਰ ਅੱਜ ਤੱਕ ਜਮੀਨ ’ਤੇ ਨਜਾਇਜ ਕਬਜਾ ਬਰਕਰਾਰ ਰੱਖਿਆ ਹੋਇਆ ਹੈ। ਉਹਨਾ ਦੱਸਿਆ ਕਿ ਉਕਤ ਪਰਿਵਾਰ ਨੇ ਅੱਜ ਜਦੋਂ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਅੱਗੇ ਆਪਣਾ ਟਰੈਕਟਰ ਲਾਉਣਾ ਚਾਹਿਆ ਤਾਂ ਇਸ ਦਾ ਵਿਰੋਧ ਹੋ ਗਿਆ। ਪਿੰਡ ਵਾਸੀਆਂ ਨੇ ਆਖਿਆ ਕਿ ਜਿੰਨਾ ਚਿਰ ਗੁਰਦਵਾਰੇ ਦੀ ਜਮੀਨ ਉਪਰੋਂ ਨਜਾਇਜ ਕਬਜਾ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਇਸ ਪਰਿਵਾਰ ਦਾ ਟਰੈਕਟਰ ਨਗਰ ਕੀਰਤਨ ਵਿੱਚ ਸ਼ਾਮਲ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਪਹਿਲਾਂ ਤੂ ਤੂ ਮੈਂ ਮੈਂ ਅਤੇ ਫਿਰ ਗੁਰਦਵਾਰੇ ਦੇ ਅੰਦਰ ਹੀ ਹੋਈ ਲੜਾਈ ਵਿੱਚ ਦੋ ਨੌਜਵਾਨ ਗੰਭੀਰ ਜਖਮੀ ਹੋ ਗਏ। ਭਾਵੇਂ ਇਸ ਮਾਮਲੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਆਪਣਾ ਮੂੰਹ ਖੋਲਣ ਲਈ ਤਿਆਰ ਨਹੀਂ ਪਰ ਪਿੰਡ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।