ਦਸਮੇਸ਼ ਪਬਲਿਕ ਸਕੂਲ ਬਰਗਾੜੀ ’ਚ ਪ੍ਰੋਗਰਾਮ ਕਰਵਾਇਆ
ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ।
Publish Date: Fri, 23 Jan 2026 05:20 PM (IST)
Updated Date: Sat, 24 Jan 2026 04:06 AM (IST)
ਅਮਨ ਗੁਲਾਟੀ ਪੰਜਾਬੀ ਜਾਗਰਣ ਬਰਗਾੜੀ : ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਬਸੰਤ ਪੰਚਮੀ ਨਾਲ ਸੰਬੰਧਿਤ ਗੀਤ, ਕਵਿਤਾ ਅਤੇ ਡਾਂਸ ਆਦਿ ਪੇਸ਼ ਕੀਤੇ ਗਏ। ਬਸੰਤ ਪੰਚਮੀ ਮੌਕੇ ਸਾਰੇ ਹੀ ਸਕੂਲ ਨੂੰ ਪੀਲੇ ਅਤੇ ਵੰਨ-ਸੁਵੰਨੇ ਰੰਗਾਂ ਦੀਆਂ ਪਤੰਗਾਂ, ਫੁੱਲ ਅਤੇ ਲੜੀਆਂ ਨਾਲ ਸਜਾਇਆ ਗਿਆ। ਕਲਾਸ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਬਹੁਤ ਸੁੰਦਰ ਲੱਗ ਰਹੇ ਸਨ ਅਤੇ ਉਹਨਾਂ ਵੱਲੋਂ ਪੀਲੇ ਰੰਗ ਦਾ ਭੋਜਨ ਲਿਆਂਦਾ ਗਿਆ। ਵਿਦਿਆਰਥੀਆਂ ਨੇ ਬਸੰਤ ਪੰਚਮੀ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਸਕੂਲ ਪ੍ਰਿੰਸੀਪਲ ਯਸੂ ਧੀਂਗੜਾ ਨੇ ਬੱਚਿਆਂ ਨੂੰ ਦੱਸਿਆ ਕਿ ਬਸੰਤ ਪੰਚਮੀ ਬਹਾਰ ਰੁੱਤ ਨਾਲ ਸੰਬੰਧਤ ਇਕ ਪ੍ਰਸਿੱਧ ਤਿਉਹਾਰ ਹੈ। ਇਸ ਦਿਨ ਨੂੰ ਵਿੱਦਿਆ ਦੀ ਦੇਵੀ ਸਰਸਵਤੀ ਦੇ ਜਨਮਦਿਨ ਵਜੋਂ ਮਨਾਇਆ ਜਾਂਦਾ ਹੈ। ਲੋਕ ਖੁਸ਼ੀ ਵਿੱਚ ਵੱਖ-ਵੱਖ ਪਤੰਗਾ ਉਡਾਉਂਦੇ ਹਨ। ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪਤੰਗਾਂ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਚਾਈਨਾ ਡੋਰ ਆਮ ਜਨਤਾ ਤੋਂ ਇਲਾਵਾ ਪਸ਼ੂਆਂ ਅਤੇ ਪੰਛੀਆਂ ਦਾ ਜਾਨੀ ਨੁਕਸਾਨ ਕਰਦੀ ਹੈ। ਇਸ ਮੌਕੇ ਸਕੂਲ ਕੋਆਰਡੀਨੇਟਰਜ਼, ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।