ਬਾਬਾ ਫ਼ਰੀਦ ਯੂਨੀਵਰਸਿਟੀ ’ਚ ਨਵੇਂ ਸਾਲ ਦਾ ਸਵਾਗਤ
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਪ੍ਰਾਪਤੀਆਂ ਅਤੇ ਉਮੀਦਾਂ ਨਾਲ ਨਵੇਂ ਸਾਲ ਦਾ ਸਵਾਗਤ
Publish Date: Sat, 03 Jan 2026 03:40 PM (IST)
Updated Date: Sun, 04 Jan 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਥਾਨਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਦੀ ਅਗਵਾਈ ਹੇਠ ਨਵੇਂ ਸਾਲ 2026 ਦੇ ਸਵਾਗਤ ਲਈ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਜਿਸਟਰਾਰ ਅਰਵਿੰਦ ਕੁਮਾਰ, ਪ੍ਰੀਖਿਆ ਕੰਟਰੋਲਰ ਡਾ. ਰਾਜੀਵ ਸ਼ਰਮਾ, ਐਡੀਸ਼ਨਲ ਰਜਿਸਟਰਾਰ ਡਾ. ਰੋਹਿਤ ਚੋਪੜਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੰਜੇ ਗੁਪਤਾ ਅਤੇ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਭਾ ਨੂੰ ਸੰਬੋਧਨ ਕਰਦਿਆਂ ਪ੍ਰੋ. (ਡਾ.) ਰਾਜੀਵ ਸੂਦ ਨੇ ਸਾਲ ਦੌਰਾਨ ਯੂਨੀਵਰਸਿਟੀ ਵੱਲੋਂ ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੜ੍ਹਾਈ, ਸਿਹਤ ਸੇਵਾਵਾਂ ਅਤੇ ਖੋਜ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕੀਤੀ ਹੈ। ਉਨ੍ਹਾਂ ‘ਹੱਬ ਐਂਡ ਸਪੋਕ ਮਾਡਲ’, ਨਵੇਂ ਸਿਹਤ ਕੋਰਸਾਂ ਅਤੇ ਡਿਜੀਟਲ ਸਿੱਖਿਆ ਦੀ ਸ਼ੁਰੂਆਤ ਦਾ ਜ਼ਿਕਰ ਵੀ ਕੀਤਾ। ਇਸ ਤੋਂ ਇਲਾਵਾ ਖ਼ੂਨਦਾਨ ਮੁਹਿੰਮਾਂ, ਵਾਤਾਵਰਣ ਦੀ ਸੰਭਾਲ ਅਤੇ ਕੌਮੀ ਪੱਧਰ ’ਤੇ ਮਿਲੇ ਸਨਮਾਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਸੂਦ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਭਲਾਈ, ਸਾਫ਼-ਸੁਥਰਾ ਪ੍ਰੀਖਿਆ ਸਿਸਟਮ ਅਤੇ ਸਮਾਜ ਸੇਵਾ ਰਿਹਾ ਹੈ। ਆਪਣਾ ਵਿਜ਼ਨ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ, ਫਿਰ ਸੰਸਥਾ ਬਾਰੇ ਅਤੇ ਅੰਤ ਵਿੱਚ ਆਪਣੀ ਨਿੱਜੀ ਤਰੱਕੀ ਬਾਰੇ। ਉਹਨਾਂ ਆਖਿਆ ਕਿ ਦੇਸ਼ ਦੀ ਤਰੱਕੀ ਹੀ ਸਾਡੀ ਅਸਲ ਤਰੱਕੀ ਹੈ।