- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਗਲੋਕੋਮਾ ਹਫ਼ਤਾ ਮੌਕੇ ਜਾਰੀ ਕੀਤੀ ਜਾਗਰੂਕਤਾ ਸਮਗਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਵਿਸ਼ਵ ਗਲੋਕੋਮਾ ਹਫਤੇ ਨੂੰ ਸਮਰਪਿਤ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਅਤੇ ਪਿੰਡਾਂ ਕਸਬਿਆਂ ਵਿੱਚ ਸਰਗਰਮੀਆਂ ਦਾ ਆਯੋਜਨ ਕਰਨ ਸਬੰਧੀ ਸਿਵਲ ਸਰਜਨ ਫ਼ਰੀਦਕੋਟ ਡਾ ਪਰਵਜੀਤ ਸਿੰਘ ਗੁਲਾਟੀ ਵਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਆ ਗਿਆ। ਮੀਟਿੰਗ ਦੌਰਾਨ ਜ਼ਿਲ੍ਹੇ ਭਰ ਵਿੱਚ ਇਸ ਹਫਤੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਬੰਧਤ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਮਾਸ ਮੀਡੀਆ ਬਰਾਂਚ ਵੱਲੋਂ ਕਾਲਾ ਮੋਤੀਆ ਦੇ ਲੱਛਣ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਭਰਪੂਰ ਜਾਗਰੂਕਤਾ ਸਮੱਗਰੀ ਜਾਰੀ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਪਰਵਜੀਤ ਗੁਲਾਟੀ ਨੇ ਦੱਸਿਆ ਕਿ ਗਲੋਕੋਮਾ ਦੇ ਲੱਛਣ ਅਸਧਾਰਨ ਸਿਰ ਦਰਦ, ਅੱਖਾਂ ਵਿੱਚ ਦਰਦ, ਪੜ੍ਹਨ ਵਾਲੀਆਂ ਐਨਕਾਂ ਦਾ ਵਾਰ ਵਾਰ ਬਦਲਣਾ, ਰੌਸ਼ਨੀ ਵੱਲ ਵੇਖਣ ਦੌਰਾਨ ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ। ਐੱਸ ਐੱਮ ਓ ਆਈ ਮੋਬਾਇਲ ਯੂਨਿਟ ਡਾ ਅਵਤਾਰਜੀਤ ਗੋਂਦਾਰਾ ਅਤੇ ਅੱਖਾਂ ਦੇ ਮਾਹਰ ਡਾ ਪਰਮਿੰਦਰ ਕੌਰ ਨੇ ਦੱਸਿਆ ਕਿ ਸ਼ੂਗਰ ਅਤੇ ਹਾਈ ਬਲੱਡ ਪਰੈਸ਼ਰ ਬਿਮਾਰੀ ਨਾਲ ਪੀੜਤ ਮਰੀਜ਼, ਅਲਰਜੀ, ਦਮਾਂ, ਚਮੜੀ ਰੋਗਾਂ ਦੇ ਪੀੜਤ ਜੋਂ ਸਟੀਰਾਈਡ ਦੀ ਵਰਤੋਂ ਕਰਦੇ ਹਨ, ਕਾਲਾ ਮੋਤੀਆ ਬਿਮਾਰੀ ਦੇ ਜਲਦੀ ਸ਼ਿਕਾਰ ਹੋ ਸਕਦੇ ਹਨ। ਭਾਰਤ ਵਿੱਚ ਕਾਲਾ ਮੋਤੀਆ ( ਗਲੋਕੋਮਾ) ਸਥਾਈ ਅੰਨ੍ਹੇਪਣ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਣ ਹੈ। ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤੇ ਆਪਣੀ ਅੱਖਾਂ ਦਾ ਦਬਾਅ ( ਪ੍ਰੈਸ਼ਰ) ਤੁਰੰਤ ਚੈੱਕ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਾਲੇ ਮੋਤੀਏ ਦੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਸਾਰੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਹਨਾਂ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ। ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ ਪ੍ਰਭਦੀਪ ਚਾਵਲਾ ਨੇ ਕਿਹਾ ਕਿ ਇਸ ਜਾਗਰੂਕਤਾ ਸਮੱਗਰੀ ਨੂੰ ਸੁੱਚਜੇ ਢੰਗ ਨਾਲ ਸਿਹਤ ਸੰਸਥਾਵਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇ ਅਤੇ ਪਿੰਡਾਂ ਅਤੇ ਕਸਬਿਆਂ ਵਿੱਚ ਆਮ ਲੋਕਾਂ ਨੂੰ ਪਰਚੇ ਤਕਸੀਮ ਕਰਕੇ ਇਸ ਗੰਭੀਰ ਬਿਮਾਰੀ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਹਨਾਂ ਆਖਿਆ ਕਿ ਕਿਸੇ ਵੀ ਕਿਸਮ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਅੱਖਾਂ ਦੇ ਮਾਹਰ ਮੈਡੀਕਲ ਅਫਸਰ ਡਾ. ਨਵਦੀਪ ਕੌਰ, ਡਾ. ਵਿਸ਼ਾਲੀ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਅਪਥਾਲਮਿਕ ਅਫ਼ਸਰ ਹਰਲੀਨ ਕੌਰ, ਇੰਦਰਜੀਤ ਸਿੰਘ, ਕੌਸ਼ਲ ਕੁਮਾਰ ਅਤੇ ਜਗਤਾਰ ਸਿੰਘ ਹਾਜਰ ਸਨ।