ਸਰਕਾਰੀ ਹਸਪਤਾਲਾਂ ’ਚ ਕਾਲਾ ਮੋਤੀਆ ਦੀ ਜਾਂਚ ਮੁਫਤ
ਵਿਸ਼ਵ ਗਲੋਕੋਮਾ ( ਕਾਲਾ ਮੋਤੀਆ) ਹਫ਼ਤਾ ਮੌਕੇ ਜਾਗਰੂਕਤਾ ਕੈਂਪਾਂ ਦਾ ਆਯੋਜਨ
Publish Date: Thu, 12 Mar 2026 05:02 PM (IST)
Updated Date: Fri, 13 Mar 2026 04:04 AM (IST)

ਜਗਮੀਤ ਸਿੰਘ ਨੀਟਾ ਪੰਜਾਬੀ ਜਾਗਰਣ ਫ਼ਰੀਦਕੋਟ : ਸਿਵਲ ਸਰਜਨ ਫ਼ਰੀਦਕੋਟ ਡਾ ਪਰਵਜੀਤ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਡਾ. ਵਿਸ਼ਵਦੀਪ ਗੋਇਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਰੀਦਕੋਟ ਅਤੇ ਰੈੱਡ ਕਰਾਸ ਦੇ ਬਿਰਧ ਆਸ਼ਰਮ ਫਰੀਦਕੋਟ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਰ ਡਾਕਟਰ ਪਰਮਿੰਦਰ ਕੌਰ ਅਤੇ ਅਪਥਾਲਮਿਕ ਅਫਸਰ ਹਰਲੀਨ ਕੌਰ ਦੱਸਿਆ ਕਿ ਗਲੋਕੋਮਾ ਦੇ ਲੱਛਣ ਅਸਧਾਰਨ ਸਿਰ ਦਰਦ, ਅੱਖਾਂ ਵਿੱਚ ਦਰਦ, ਪੜ੍ਹਨ ਵਾਲੀਆਂ ਐਨਕਾਂ ਦਾ ਵਾਰ ਵਾਰ ਬਦਲਣਾ, ਰੌਸ਼ਨੀ ਵੱਲ ਵੇਖਣ ਦੌਰਾਨ ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ। ਉਹਨਾਂ ਦੱਸਿਆ ਕਿ ਸ਼ੂਗਰ ਅਤੇ ਹਾਈ ਬਲੱਡ ਪਰੈਸ਼ਰ ਬਿਮਾਰੀ ਨਾਲ ਪੀੜਤ ਮਰੀਜ਼, ਅਲਰਜੀ, ਦਮਾਂ, ਚਮੜੀ ਰੋਗਾਂ ਦੇ ਪੀੜਤ ਜੋਂ ਸਟੀਰਾਈਡ ਦੀ ਵਰਤੋਂ ਕਰਦੇ ਹਨ, ਕਾਲਾ ਮੋਤੀਆ ਬਿਮਾਰੀ ਦੇ ਜਲਦੀ ਸ਼ਿਕਾਰ ਹੋ ਸਕਦੇ ਹਨ। ਭਾਰਤ ਵਿੱਚ ਕਾਲਾ ਮੋਤੀਆ ( ਗਲੋਕੋਮਾ) ਸਥਾਈ ਅੰਨ੍ਹੇਪਣ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਣ ਹੈ। ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤੇ ਆਪਣੀ ਅੱਖਾਂ ਦਾ ਦਬਾਅ ( ਪ੍ਰੈਸ਼ਰ) ਤੁਰੰਤ ਚੈੱਕ ਕਰਵਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਸ ਹਫ਼ਤੇ ਵਿੱਚ ਜਿਲ੍ਹਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਾਲੇ ਮੋਤੀਏ ਦੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਸਾਰੇ ਸ਼ਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਹਨਾਂ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ।