- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਵਿਸ਼ਵ ਸੁਣਨ ਸ਼ਕਤੀ ਦਿਵਸ' ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਰੀਦਕੋਟ : ਸਹਾਇਕ ਸਿਵਲ ਸਰਜਨ ਫ਼ਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਬੋਲਾਪਣ ਤੋਂ ਬਚਾਅ ਅਤੇ ਕੰਟਰੋਲ ਸੰਬਧੀ ਰਾਸ਼ਟਰੀ ਪ੍ਰੋਗਰਾਮ ਹੇਠ 'ਵਿਸ਼ਵ ਸੁਣਨ ਸ਼ਕਤੀ ਦਿਵਸ' ਮਨਾਇਆ ਗਿਆ । ਜਿਸ ਦਾ ਥੀਮ ‘ਕਮਿਊਨਿਟੀ ਤੋਂ ਕਲਾਸਰੂਮਾਂ ਤੱਕ: ਸਾਰੇ ਬੱਚਿਆਂ ਲਈ ਸੁਣਨ ਸ਼ਕਤੀ ਦੀ ਦੇਖਭਾਲ‘ ਸੀ।
ਡਾ. ਗੁਲਾਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਲੱਗੱਭਗ 10 ਲੱਖ ਰੁਪਏ ਦੀ ਲਾਗਤ ਵਾਲਾ ਕੋਕਲੀਅਰ ਇੰਮਪਲਾਂਟ ਬਿਲਕੁਲ ਮੁਫਤ ਕਰ ਦਿੱਤਾ ਹੈ। ਜਿਸ ਸਬੰਧੀ ਇਲਾਜ ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੀਤਾ ਜਾਵੇ।
ਇਸ ਮੌਕੇ ਜਾਗਰੂਕਤਾ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੰਨ ਨੱਕ ਗਲੇ ਦੇ ਸਪੈਸ਼ਲਿਸ਼ਟ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਸ ਦਿਵਸ ਮਨਾਉਣਾ ਦਾ ਮੰਤਵ ਹੈ ਕਿ ਰੋਜ਼ਾਨਾ ਵਰਤੀ ਜਾਂਦੀ ਲਾਪਰਵਾਹੀ ਕਾਰਨ ਆਮ ਲੋਕਾਂ ਵਿੱਚ ਸੁਣਨ ਸ਼ਕਤੀ ਘੱਟ ਹੋਣ ਨਾਲ ਸਬੰਧੀ ਬਿਮਾਰੀਆਂ ਦੀ ਗਿਣਤੀ ਵੱਧ ਰਹੀ ਹੈ। ਪਹਿਲਾਂ ਇਹ ਲੱਛਣ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ ਵਿੱਚ ਪਾਏ ਜਾਂਦੇ ਸੀ, ਪਰ ਹੁਣ ਨੌਜਵਾਨ ਵਰਗ ਵਿੱਚ ਵੀ ਸੁਣਨ ਸ਼ਕਤੀ ਘੱਟ ਹੋਣ ਦੇ ਮਰੀਜ਼ ਜ਼ਿਆਦਾ ਹੋ ਰਹੇ ਹਨ। ਇਸਦਾ ਇੱਕ ਵੱਡਾ ਕਾਰਨ ਬੱਚਿਆਂ ਅਤੇ ਨੌਜਵਾਨ ਵਰਗ ਵਲੋਂ ਹੈਡਫੋਨ ਅਤੇ ਈਅਰਫੋਨ ਲਗਾ ਕੇ ਮੋਬਾਈਲ ਫੋਨਾਂ ਰਾਹੀਂ ਉੱਚੀ ਆਵਾਜ਼ ਵਿੱਚ ਗਾਣੇ ਸੁਣਨਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਅਤੇ ਲਖਵਿੰਦਰ ਕੈੰਥ ਨੇ ਕਿਹਾ ਕਿ ਕੰਨਾਂ ਵਿਚ ਗੰਦਾ ਪਾਣੀ ਜਾਣ ਤੋਂ ਰੋਕਣ ਦੇ ਨਾਲ ਨਾਲ ਕੰਨਾਂ ਵਿਚ ਤਿਖੀਆਂ ਚੀਜਾਂ, ਮਾਚਸ ਦੀ ਤੀਲੀ, ਕੰਨ ਸਾਫ਼ ਕਰਨ ਵਾਲੇ ਬਡਸ ਨਹੀਂ ਮਾਰਨੇ ਚਾਹੀਦੇ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ।ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੰਨ ਵਿੱਚ ਦਰਦ ਹੋਣਾ ਜਾਂ ਖੂਨ ਵੱਗਣਾ ਗੰਭੀਰ ਸਮੱਸਿਆ ਹੋਣ ਤੇ ਤੂਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸੁਣਨ ਸ਼ਕਤੀ ਠੀਕ ਰੱਖਣ ਲਈ ਹਰ ਮਨੁੱਖ ਆਪਣੇ ਕੰਨਾਂ ਨੂੰ ਟੀ ਵੀ, ਰੇਡੀਓ, ਪਟਾਕੇ, ਦੀ ਉੱਚੀ ਅਵਾਜ ਤੋਂ ਬਚਾਉਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਸਮੇਂ ਸਮੇਂ ਸਿਰ ਕੰਨਾਂ ਦੀ ਜਾਂਚ ਕਰਵਾੳੇਣੀ ਚਾਹੀਦੀ ਹੈ । ਇਸਦੇ ਨਾਲ ਹੀ ਹਰ ਵਿਅਕਤੀ ਨੂੰ ਹਰ ਛੇ ਮਹੀਨੇ ਵਿੱਚ ਇੱਕ ਵਾਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਕਿ ਇਸ ਨਾਲ ਵੀ ਕੰਨਾਂ ਸਮੇਤ ਸਰੀਰ ਦੇ ਬਾਕੀ ਅੰਗਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਡਾ ਪ੍ਰਭਦੀਪ ਸਿੰਘ ਚਾਵਲਾ ਅਤੇ ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਿਯਕਰਮ" ਹੇਠ ਸਰਕਾਰੀ ਸਕੂਲ ਵਿਚ ਪੜ੍ਹ ਰਿਹਾ ਕੋਈ ਬੱਚਾ ਜੇਕਰ ਥੋੜੀ ਦੂਰ ਤੋਂ ਅਧਿਆਪਕ ਦੀ ਅਵਾਜ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਤੂਰੰਤ" ਸਕੂਲ ਵਿੱਚ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਨ ਆਉਂਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਘੱਟ ਸੁਣਨ ਸ਼ਕਤੀ ਵਾਲੇ ਬੱਚੇ ਨੂੰ ਦੂਜੇ ਬੱਚਿਆਂ ਨਾਲ ਰਲਾਉਣ ਲਈ ਉਤਸਾਹਤ ਕੀਤਾ ਜਾਵੇ, ਇਹ ਮਨੋਵਿਗਿਆਨਕ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ।