16 ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਪਿੰਡ-ਪਿੰਡ ਚੇਤਨਾ ਮੀਟਿੰਗਾਂ
16 ਜਨਵਰੀ ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਪਿੰਡ ਪਿੰਡ ਚੇਤਨਾ ਮੀਟਿੰਗਾਂ
Publish Date: Wed, 07 Jan 2026 05:28 PM (IST)
Updated Date: Thu, 08 Jan 2026 04:03 AM (IST)

07 ਐਫਡੀਕੇ : : ਸਾਦਿਕ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਗਲਬਾਤ ਕਰਦੇ ਹੋਏ। ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ ਸਾਦਿਕ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਭਰ ’ਚ ਜੋ 16 ਜਨਵਰੀ ਨੂੰ ਡੀਸੀ ਦਫਤਰਾਂ ਦੇ ਘਿਰਾਓ ਕੀਤਾ ਜਾਣਾ ਹੈ ਉਸ ਨੂੰ ਲੈ ਕੇ ਬਲਾਕ ਸਾਦਿਕ ਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਧਰਨੇ ਨੂੰ ਸਫਲ ਬਣਾਉਣ ਲਈ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਚੇਤਨਾ ਮੀਟਿੰਗਾਂ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਖਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ), ਰਛਪਾਲ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ ਤੇ ਗੁਰਮੀਤ ਸਿੰਘ ਸੰਗਰਾਹੂਰ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਇਹ ਧਰਨੇ ਤੇ ਘਿਰਾਓ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨ ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਰੱਖੇ ਗਏ ਹਨ।ਸਾਨੂੰ ਉਮੀਦ ਸੀ ਕਿ ਸਪੈਸ਼ਨ ਸ਼ੈਸ਼ਨ ਦੌਰਾਨ ਪੰਜਾਬ ਸਰਕਾਰ ਵੀ ਇਸ ਬਿੱਲ ਦੇ ਵਿਰੋਧ ਵਿੱਚ ਕੋਈ ਕਾਨੂੰਨ ਲੈ ਕੇ ਆਵੇਗੀ ਜਾਂ ਕੋਈ ਨੋਟੀਫਿੇਕਸ਼ਨ ਪੇਸ਼ ਕਰ ਕੇ ਪੰਜਾਬ ਦੇ ਲੋਕਾਂ ਨਾਲ ਖੜ੍ਹਨ ਦਾ ਸਬੂਤ ਦੇਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ। ਸਗੋਂ ਮਨਰੇਗਾ ਸਬੰਧੀ ਵੀ ਕੋਈ ਠੋਸ ਗੱਲ ਕਰਨ ਦੀ ਬਜਾਏ ਗੋਗਲੂਆਂ ਤੋਂ ਮਿੱਟੀ ਝਾੜੀ ਗਈ ਹੈ। ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ, ਮਧਵਰਗੀ ਤੇ ਗਰੀਬ ਲੋਕਾਂ ਸਮੇਤ ਹਰ ਵਰਗ ਦੀਆਂ ਇਹ ਦੋ ਹੀ ਵੱਡੀਆਂ ਮੰਗਾਂ ਸਨ ਕਿ ਇਹ ਦੋਨੋਂ ਕਾਨੂੰਨ ਤੁਰੰਤ ਰੱਦ ਕੀਤੇ ਜਾਣ।ਪਰ ਦੋਨੋਂ ਹੀ ਸਰਕਾਰਾਂ ਲੋਕ ਮਾਰੂ ਸਾਬਤ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਅਸਲ ਵਿੱਚ ਕਾਰਪੋਰੇਟਾਂ ਦਾ ਸਾਡੇ ਤੇ ਸਿੱਧੇ ਅਸਿੱਧੇ ਢੰਗ ਨਾਲ ਹਮਲਾ ਹੋ ਰਿਹਾ ਹੈ।ਕਦੇ ਕੋਈ ਤੇ ਕਦੇ ਕੋਈ ਕਾਨੂੰਨ ਲਿਆ ਜਾਂ ਸਮਾਰਟ ਮੀਟਰ ਲਗਾ ਕੇ ਸਮੇਤ ਬਿਜਲੀ ਮਹਿਕਮਾ ਪ੍ਰਾਈਵੇਟ ਕਰਨ ਦੀ ਤਿਆਰੀਆਂ ਕਰਕੇ ਲੋਕਾਂ ਨੂੰ ਲੁੱਟਣ ਲਈ ਰਾਹ ਪੱਧਰ ਕੀਤੇ ਜਾ ਰਹੇ ਹਨ।ਨਿੱਜੀਕਰਨ ਵਾਲੇ ਪਾਸੇ ਤੋਰ ਕੇ ਸਾਡੇ ਬੱਚਿਆਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਜਨਵਰੀ ਦੇ ਧਰਨੇ ਵਿੱਚ ਜਰੂਰ ਪੁੱਜਣ ਤਾਂ ਜੋ ਸੂਬਾ ਤੇ ਕੇਂਦਰ ਸਰਕਾਰ ਨੂੰ ਜਗਾ ਕੇ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਇਸ ਮੌਕੇ ਜਗਸੀਰ ਸਿੰਘ ਸਾਧੂਵਾਲਾ ਜ਼ਿਲਾ ਪ੍ਰਧਾਨ ਬੀਕੇਯੂ ਮਾਲਵਾ, ਲਖਵੀਰ ਸਿੰਘ ਬੀਹਲੇਵਾਲਾ, ਗੁਰਮੀਤ ਸਿੰਘ ਵੀਰੇਵਾਲਾ, ਕੁਲਦੀਪ ਸਿੰਘ ਘੁੱਦੂਵਾਲਾ ਵੀ ਹਾਜ਼ਰ ਸਨ।