- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਨੂੰ ਲੈਕੇ ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ ਪੱਤਰ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਨਾਲ ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਸਕੱਤਰ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਦੱਸਿਆ ਗਿਆ ਕਿ ਅੱਠਵੀਂ ਜਮਾਤ ਦਾ ਬੋਰਡ ਦਾ ਗਣਿਤ ਦਾ ਪੇਪਰ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਸਨ। ਪੰਜਾਬੀ ਮੀਡੀਅਮ ਤੇ ਅੰਗਰੇਜ਼ੀ ਮੀਡੀਅਮ ਦੇ ਪੇਪਰ ਵਿੱਚ ਅਲੱਗ ਅਲੱਗ ਪ੍ਰਿੰਟਿੰਗ ਗਲਤੀਆਂ ਸਨ, ਓਬਜੈਕਟਿਵ ਪ੍ਰਸ਼ਨਾਂ ਦੀਆਂ ਆਪਸ਼ਨਾਂ ਵੀ ਗਲਤ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਵਿਦਿਆਰਥੀਆ ਦੇ ਮਾਨਸਿਕ ਪੱਧਰ ਅਨੁਸਾਰ ਨਹੀਂ ਸੀ ਕਈ ਪ੍ਰਸ਼ਨਾਂ ਦੇ ਵਿੱਚ ਕੈਲਕੂਲੇਸ਼ਨ ਬਹੁਤ ਔਖੀਆਂ ਸਨ।ਇਸ ਲਈ ਵਿਦਿਆਰਥੀਆਂ ਨੂੰ ਢੁੱਕਵੀਂ ਗਰੇਸ ਦੇਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਮੈਥ ਪੇਪਰ ਦੇ ਪ੍ਰਸ਼ਨ ਬਣਤਰ ਹੈ ਵਿੱਚ ਵੀ ਆਉਣ ਵਾਲੇ ਸੈਸ਼ਨ ਵਿੱਚ ਸੋਧ ਕੀਤੀ ਜਾਵੇ ਬਾਕੀ ਪੇਪਰਾਂ ਦੀ ਤਰ੍ਹਾਂ ਮੈਥ ਦੇ ਪੇਪਰ ਵਿੱਚ ਵੀ ਓਬਜੈਕਟ ਪ੍ਰਸ਼ਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ, ਮਿਲਾਨ ਕਰੋ ਦੇ ਪ੍ਰਸ਼ਨਾਂ ਨੂੰ ਅਤੇ ਪਹਿਰੇ ਵਿੱਚੋਂ ਲੱਭਣ ਵਾਲੇ ਪ੍ਰਸ਼ਨਾਂ ਨੂੰ ਸ਼ਾਮਿਲ ਕੀਤਾ ਜਾਵੇ। ਪੇਪਰ ਵਿੱਚ ਬਹੁਤਾ ਕੈਲਕੂਲੇਸ਼ਨ ਵਾਲਾ ਭਾਗ ਨਹੀਂ ਹੋਣਾ ਚਾਹੀਦਾ ਕਿਉਂਕਿ ਪੇਪਰ ਬਹੁਤ ਲੰਬਾਈ ਵਾਲਾ ਅਤੇ ਸਮਾਂ ਖਪਤ ਕਰਨ ਵਾਲਾ ਬਣ ਜਾਂਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਭਾਰੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਬੋਰਡ ਦੀ ਅੱਠਵੀਂ ਜਮਾਤ ਨੂੰ ਮਿਸ਼ਨ ਸਮਰੱਥ ਪ੍ਰੋਜੈਕਟ ਤੋਂ ਰਾਹਤ ਮਿਲਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਸਿਲੇਬਸ ਜਲਦੀ ਪੂਰਾ ਕਰਕੇ ਪੂਰੀ ਦੁਹਰਾਈ ਲਈ ਸਮਾਂ ਮਿਲ ਸਕੇ ਤੇ ਉਹ ਵਧੀਆ ਨੰਬਰ ਪ੍ਰਾਪਤ ਕਰ ਸਕਣ। ਮੈਥ ਟੀਚਰਜ਼ ਐਸੋਸੀਏਸ਼ਨ ਫ਼ਰੀਦਕੋਟ ਨੇ ਇਹ ਵੀ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸ.ਸੀ.ਆਰ.ਟੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਬੋਰਡ ਦੀ ਕਿਤਾਬ ਵਿੱਚ ਵੀ ਸੋਧ ਸਬੰਧੀ ਗੱਲਬਾਤ ਕੀਤੀ ਜਾਵੇਗੀ ਤਾਂ ਕਿ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਰੁਚੀ ਪੈਦਾ ਹੋ ਸਕੇ ਅਤੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰ ਸਕਣ। ਮੈਥ ਟੀਚਰਜ਼ ਐਸੋਸੀਏਸ਼ਨ ਫਰੀਦਕੋਟ ਵੱਲੋਂ ਹੈਡ ਮਿਸਟ੍ਰੈੱਸ ਰਮਿੰਦਰ ਕੌਰ ਅਤੇ ਹੈਡ ਮਾਸਟਰ ਪੂਰਨ ਨਾਥ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਭਾਰਤ ਭੂਸ਼ਨ ਜਿੰਦਲ, ਪ੍ਰੈਸ ਸਕੱਤਰ ਗੁਰਸ਼ਰਨਜੀਤ ਸਿੰਘ ਬਰਾੜ ਅਤੇ ਬਲਾਕ ਪ੍ਰਧਾਨ ਵਿੱਕੀ ਗੋਇਲ, ਗੌਰਵ ਸ਼ਰਮਾ, ਜਗਦੀਪ ਕੁਮਾਰ, ਅਰਸ਼ਦੀਪ ਸਿੰਘ ਗਿੱਲ, ਦੀਪਾਕਰ ਕਪੂਰ ਨੇ ਮੀਟਿੰਗ ਵਿੱਚ ਹਿੱਸਾ ਲਿਆ।