ਸਾਦਿਕ ਮੰਡੀ ’ਚ ਕਣਕ ਦੀ ਆਮਦ ਸ਼ੁਰੂ
ਸਾਦਿਕ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ
Publish Date: Mon, 06 Apr 2026 03:43 PM (IST)
Updated Date: Tue, 07 Apr 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਸਾਦਿਕ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਕਈਆਂ ਆੜ੍ਹਤੀਆਂ ਦੀਆਂ ਦੁਕਾਨਾਂ ਤੇ ਲਗਭਗ ਦੋ ਹਜਾਰ ਗੱਟਾ ਕਣਕ ਢੇਰੀਆਂ ਆ ਚੁੱਕੀ ਹੈ ਤੇ ਖਰਾਬ ਮੌਸਮ ਨੂੰ ਦੇਖਦਿਆਂ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ।ਮਾਰਕੀਟ ਕਮੇਟੀ ਸਾਦਿਕ ਦੇ ਲੇਖਾਕਾਰ ਰੇਵਤੀ ਰਮਨ ਤੇ ਸਟਾਫ ਨੇ ਅੱਜ ਮੰਡੀਆਂ ਵਿੱਚ ਢੇਰੀ ਹੋਈ ਕਣਕ ਦੀ ਗੁਣਵੱਤਾ ਤੇ ਨਮੀਂ ਆੜ੍ਹਤੀਆਂ ਦੇ ਪ੍ਰਧਾਨ ਜੈਦੀਪ ਸਿੰਘ ਬਰਾੜ ਤੇ ਹੋਰ ਆੜ੍ਹਤੀਆਂ ਦੀ ਹਾਜਰੀ ਵਿੱਚ ਚੈਕ ਕੀਤੀ।ਜੋ ਕਿ ਹਾਲੇ ਸਰਕਾਰ ਦੇ ਮਾਪਦੰਡ ਤੇ ਖਰੀ ਨਹੀਂ ਉਤਰ ਰਹੀ ਸੀ।ਉਨਾਂ ਆੜ੍ਹਤੀਆਂ ਨੂੰ ਢੇਰੀਆਂ ਸੁਕਾ ਕੇ ਪਿੜ ਵਿੱਚ ਉਤਾਰਨ ਲਈ ਕਿਹਾ ਤੇ ਮੰਡੀ ਵਿੱਚੋਂ ਬਲਵਿੰਦਰ ਸਿੰਘ ਪੁੱਤਰ ਸੰਧੂਰਾ ਸਿੰਘ ਪਿੰਡ ਸਾਧੂਵਾਲਾ ਦੀ ਵੱਧ ਨਮੀਂ ਵਾਲੀ ਕਣਕ ਦੀ ਟਰਾਲੀ ਨੂੰ ਵਾਪਸ ਮੋੜਿਆ ਤੇ ਸੁਕਾ ਕੇ ਲਿਆਉਣ ਲਈ ਕਿਹਾ।ਸਕੱਤਰ ਵਰਿੰਦਰ ਸਿੰਘ ਤੇ ਰੇਵਤੀ ਰਮਨ ਨੇ ਦੱਸਿਆ ਕਿ ਸਾਦਿਕ ਮੰਡੀ ਵਿੱਚ ਐਫ.ਸੀ.ਆਈ, ਪਨਗ੍ਰੇਨ, ਮਾਰਕਫੈਡ ਅਤੇ ਵੇਅਰ ਹਾਊਸ ਨੇ ਖਰੀਦ ਕਰਨੀ ਹੈ ਜਿਨਾਂ ਦਾ ਕੋਟਾ ਅਲਾਟ ਹੋ ਚੁੱਕਾ ਹੈ।ਪਿਛਲੇ ਸਾਲ ਲਗਭਗ 3 ਲੱਖ 95 ਹਜਾਰ ਗੱਟਾ ਸਾਦਿਕ ਮੰਡੀ ਵਿੱਚ ਆਇਆ ਸੀ।ਇਸ ਵਾਰ ਵੀ 4 ਲੱਖ ਗੱਟਾ ਮੰਡੀ ਵਿੱਚ ਆਉਣ ਦੀ ਸੰਭਾਵਨਾ ਹੈ।ਕਣਕ ਦੀ ਖਰੀਦ ਲਈ ਇੰਸਪੈਕਟਰਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ ਤੇ ਸਾਫ ਤੇ ਸੁੱਕੀ ਕਣਕ ਦੀ ਖਰੀਦ ਜਲਦੀ ਸ਼ੁਰੂ ਕਰ ਦੇਣਗੇ।ਉਨਾਂ ਦੱਸਿਆ ਕਿ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਸਾਰੇ ਖਰੀਦ ਕੇਂਦਰ ਤੇ ਬਿਜਲੀ, ਪਾਣੀ ਅਤੇ ਛਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸਾਫ ਤੇ ਸੱੁਕੀ ਕਣਕ ਮੰਡੀ ਵਿੱਚ ਲਿਆਉਣ ਤਾਂ ਜੋ ਤੁਰੰਤ ਖਰੀਦ ਹੋ ਸਕੇ।ਇਸ ਮੌਕੇ ਜੈਦੀਪ ਸਿੰਘ ਬਰਾੜ ਸਰਪੰਚ ਘੁੱਦੂਵਾਲਾ, ਕੁਲਵੰਤ ਸਿੰਘ ਜਨੇਰੀਆਂ, ਹੈਪੀ ਨਰੂਲਾ, ਪੰਕਜ਼ ਅਗਰਵਾਲ, ਸੰਦੀਪ ਸੇਠੀ, ਗੁਰਸੇਵਕ ਸਿੰਘ ਸੰਧੂ, ਪਰਮਜੀਤ ਸੋਨੀ ਨਵਨੀਤ ਸੇਠੀ, ਅਕਾਸ਼ਦੀਪ ਸਿੰਘ, ਜ਼ਸਨੂਰ ਸਿੰਘ, ਅਮ੍ਰਿਤ ਸਿੰਘ ਵੀ ਹਾਜਰ ਸਨ।