- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ ਵੱਖ ਥਾਵਾਂ ਤੋਂ ਗਸ਼ਤ ਦੋਰਾਨ 6 ਲੜਕਿਆਂ ਨੂੰ ਨਸ਼ਾ ਸੇਵਨ ਕਰਨ ਤੇ ਹੈਰੋਇਨ ਸਮੇਤ ਕੀਤਾ ਕਾਬੂ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ 6 ਵੱਖ ਵੱਖ ਥਾਵਾਂ ਤੋਂ ਗਸ਼ਤ ਦੋਰਾਨ 6 ਲੜਕਿਆਂ ਨੂੰ ਨਸ਼ਾ ਸੇਵਨ ਕਰਨ ਅਤੇ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਿਟੀ ਥਾਣੇ ਦੇ ਏਐਸਆਈ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੋਰਾਨ ਬਠਿੰਡਾ ਰੋਡ ’ਤੇ ਦਾਣਾ ਮੰਡੀ ਦੇ ਪਿਛਲੇ ਪਾਸੇ ਇਕ ਨੌਜਵਾਨ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸ਼ੁਭਮ ਕੁਮਾਰ ਵਾਸੀ ਕਿ੍ਸ਼ਨਾ ਬਸਤੀ ਜਲਾਲੇਆਣਾ ਰੋਡ ਕੋਟਕਪੂਰਾ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਹੋਈ। ਬਾਜਾਖਾਨਾ ਦੇ ਏਐਸਆਈ ਜਸਵੰਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ਬਹਿਬਲ ਕਲਾਂ ਦੇ ਬੱਸ ਅੱਡੇ ਨੇੜੇ ਜਗਜੀਤ ਸਿੰਘ ਉਰਫ ਜੱਗਾ ਵਾਸੀ ਪਿੰਡ ਸਰਾਵਾਂ ਦੀ ਸ਼ੱਕ ਦੀ ਬਿਨਾਅ ’ਤੇ ਤਲਾਸ਼ੀ ਕੀਤੀ ਤਾਂ ਉਸ ਕੋਲੋਂ 7 ਗ੍ਰਾਮ 10 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਸਿਟੀ ਥਾਣਾ ਫਰੀਦਕੋਟ ਵਿਖੇ ਤੈਨਾਤ ਏਐਸਆਈ ਸਵਰਨ ਸਿੰਘ ਨੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਦਾਣਾ ਮੰਡੀ ਫਰੀਦਕੋਟ ਨੇੜੇ ਸ਼ੱਕ ਦੀ ਬਿਨਾਅ ’ਤੇ ਵਕੀਲ ਸਿੰਘ ਵਾਸੀ ਡੋਗਰ ਬਸਤੀ ਫਰੀਦਕੋਟ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਸਦਰ ਥਾਣਾ ਫਰੀਦਕੋਟ ਦੇ ਏਐਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪੱਖੀ ਕਲਾਂ ਤੋਂ ਪਿੰਡ ਭਾਗਥਲਾ ਨੂੰ ਜਾਣ ਵਾਲੀ ਸੜਕ ’ਤੇ ਸਫੈਦੇ ਦੇ ਝੁੰਡ ਹੇਠਾਂ ਬੈਠੇ ਕੁਲਦੀਪ ਸਿੰਘ ਉਰਫ ਬੱਗੀ ਵਾਸੀ ਪਿੰਡ ਭਾਗਥਲਾ ਦੀ ਸ਼ੱਕ ਦੀ ਬਿਨਾਅ ’ਤੇ ਕੀਤੀ ਤਲਾਸ਼ੀ ਦੌਰਾਨ ਉਸ ਕੋਲੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਸਦਰ ਥਾਣਾ ਫਰੀਦਕੋਟ ਦੇ ਹੋਲਦਾਰ ਅੰਗਰੇਜ ਸਿੰਘ ਨੇ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਅਨਮੋਲ ਬਜਾਜ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਨੂੰ ਨਸ਼ਾ ਸੇਵਨ ਕਰਨ ਦੇ ਦੋਸ਼ ਹੇਠ ਕਾਬੂ ਕਰਕੇ ਡੋਪ ਟੈਸਟ ਕਰਵਾਇਆ ਤਾਂ ਪਾਜੇਟਿਵ ਆਉਣ ’ਤੇ ਉਸ ਨੂੰ ਨਾਮਜਦ ਕਰਨ ਉਪਰੰਤ ਨਸ਼ਾ ਛੁਡਾਉ ਕੇਂਦਰ ਵਿਖੇ ਪਹੁੰਚਾਇਆ। ਸਾਦਿਕ ਥਾਣੇ ਦੇ ਏਐਸਆਈ ਹਰਜਿੰਦਰ ਸਿੰਘ ਨੇ ਪਿੰਡ ਸਾਦਿਕ ਤੋਂ ਡੋਡ ਨੂੰ ਜਾਣ ਵਾਲੀ ਸੜਕ ’ਤੇ ਪੁਲ ਕੱਸੀ ਢਿੱਲਵਾਂ ਖੁਰਦ ਨੇੜੇ ਇਕ ਨੌਜਵਾਨ ਦਲਜੀਤ ਸਿੰਘ ਵਾਸੀ ਪਿੰਡ ਮੁਮਾਰਾ ਨੂੰ ਸ਼ੱਕੀ ਹਾਲਤ ਵਿੱਚ ਤੱਕਿਆ, ਜਿਸ ਦੀ ਤਲਾਸ਼ੀ ਕਰਨ ’ਤੇ ਕੋਈ ਨਸ਼ੀਲਾ ਪਦਾਰਥ ਤਾਂ ਬਰਾਮਦ ਨਹੀਂ ਹੋਇਆ ਪਰ ਉਸ ਨੇ ਖੁਦ ਮੰਨਿਆ ਉਹ ਨਸ਼ਾ ਕਰਨ ਦਾ ਆਦੀ ਹੈ। ਡਾ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਮੁਤਾਬਿਕ ਉਕਤਾਨ ਖਿਲਾਫ ਵੱਖ ਵੱਖ ਥਾਣਿਆਂ ’ਚ ਐਨਡੀਪੀਐਸ ਐਕਟ ਤਹਿਤ ਛੇ ਵੱਖ ਵੱਖ ਮਾਮਲੇ ਦਰਜ ਕਰਕੇ ਉਕਤਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੱਡੇ ਨਸ਼ਾ ਤਸਕਰ ਦਾ ਸੁਰਾਗ ਲਾਇਆ ਜਾ ਸਕੇ।