ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ : ਸਪੀਕਰ ਸੰਧਵਾਂ
ਕੋਟਕਪੂਰਾ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ – ਸਪੀਕਰ ਸੰਧਵਾਂ
Publish Date: Wed, 28 Jan 2026 03:28 PM (IST)
Updated Date: Thu, 29 Jan 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਹਲਕੇ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਹਲਕੇ ਦੀਆਂ ਸੜਕਾਂ ਦੇ ਨਵੀਨਕਰਨ ਅਤੇ ਚੌੜਾਈ ਵਧਾਉਣ ਲਈ ਲਗਪਗ 44 ਕਰੋੜ ਰੁਪਏ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਜਿਸ ਤਹਿਤ ਭਾਗ-1 ਅਧੀਨ ਕੁੱਲ 15 ਸੜਕਾਂ ਦੇ ਵਿਕਾਸ ਕਾਰਜ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਕੁੱਲ 4336.07 ਲੱਖ ਰੁਪਏ ਖਰਚ ਕੀਤੇ ਜਾਣਗੇ। ਸਪੀਕਰ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਪਿੰਡਾਂ ਅਤੇ ਸ਼ਹਿਰਾਂ ਦੀ ਆਪਸੀ ਕੁਨੈਕਟੀਵਿਟੀ ਮਜ਼ਬੂਤ ਹੋਵੇਗੀ, ਆਵਾਜਾਈ ਸੁਖਾਲੀ ਬਣੇਗੀ ਅਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮਨਜ਼ੂਰ ਹੋਈਆਂ ਸੜਕਾਂ ਵਿੱਚ ਕੰਮੇਆਣਾ ਤੋਂ ਡੱਗੋ ਰੋਮਾਣਾ ਤੋਂ ਫਿੱਡੇ ਕਲਾਂ ਤੱਕ ਲਈ 732.93 ਲੱਖ ਰੁਪਏ, ਕਲੇਰ ਤੋਂ ਕੋਟ ਸੁਖੀਆ ਤੋਂ ਪੰਜਗਰਾਈਂ ਤੱਕ ਲਈ 686.95 ਲੱਖ ਰੁਪਏ, ਕੋਟਕਪੂਰਾ ਤੋਂ ਦੇਵੀਵਾਲਾ, ਸਿਰਸੜੀ ਹੁੰਦੇ ਹੋਏ ਕੋਟ ਸੁਖੀਆ ਲਈ 26.36 ਲੱਖ ਰੁਪਏ, ਕੋਟਕਪੂਰਾ-ਫ਼ਰੀਦਕੋਟ ਸੜਕ ‘ਤੇ ਸੰਧਵਾਂ ਤੋਂ ਚਾਹਲ ਤੱਕ ਲਈ 223.03 ਲੱਖ ਰੁਪਏ, ਕੋਟਕਪੂਰਾ-ਮੁਕਤਸਰ ਸੜਕ ਤੋਂ ਕੋਠੇ ਬੇਰਵਾਲਾ ਤੋਂ ਦੁਆਰੇਆਣਾ ਤੱਕ ਲਈ 47.33 ਲੱਖ ਰੁਪਏ, ਕੋਟਕਪੂਰਾ ਤੋਂ ਬਾਹਮਣਵਾਲਾ, ਬਾਜ਼ੀਗਰ ਬਸਤੀ ਹੁੰਦੇ ਹੋਏ ਕੋਠੇ ਬੱਲਾਂ ਤੱਕ ਲਈ 63.80 ਲੱਖ ਰੁਪਏ, ਕੋਟਕਪੂਰਾ-ਬਠਿੰਡਾ ਸੜਕ ਤੋਂ ਕੋਟਕਪੂਰਾ-ਜੈਤੋ ਸੜਕ (23 ਫੁੱਟ ਚੌੜੀ ਸੜਕ) ਲਈ 113.37 ਲੱਖ ਰੁਪਏ, ਲਾਲੇਆਨਾ ਢਾਬ ਗੁਰੂ ਕੀ ਰੋਡ ਤੋਂ ਢੈਪਈ ਤੱਕ 29.01 ਲੱਖ ਰੁਪਏ, ਮੌੜ ਤੋਂ ਸੁਹਾਗ ਤੱਕ 44.57 ਲੱਖ ਰੁਪਏ, ਕੋਟਕਪੂਰਾ ਤੋਂ ਕੋਠੇ ਧਾਲੀਵਾਲ, ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ ਲਈ 1223.38 ਲੱਖ ਰੁਪਏ, ਸੰਧਵਾਂ ਤੋਂ ਸਿਖਾਂਵਾਲਾ ਤੱਕ ਲਈ 249.70 ਲੱਖ ਰੁਪਏ, ਕੋਟਕਪੂਰਾ ਤੋਂ ਸਿਖਾਂਵਾਲਾ ਤੋਂ ਨੱਥੇਵਾਲਾ ਟਾਵਰ ਤੱਕ ਲਈ 581.44 ਲੱਖ ਰੁਪਏ, ਫਿਰਨੀ ਢੁੱਡੀ ਤੋਂ ਚੱਕ ਢੁੱਡੀ ਤੋਂ ਪ੍ਰਾਇਮਰੀ ਸਕੂਲ ਤੱਕ (ਸੈਕਸ਼ਨ-ਏ) ਲਈ 187.12 ਲੱਖ ਰੁਪਏ, ਭਾਣਾ ਤੋਂ ਸੰਧਵਾਂ ਤੱਕ ਲਈ 63.54 ਲੱਖ ਰੁਪਏ ਅਤੇ ਭਾਣਾ ਤੋਂ ਪੱਕਾ ਤੱਕ (ਪਿੰਡ ਦੀ ਹੱਦ ਤੱਕ) ਲਈ 63.54 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੰਮ 31ਮਾਰਚ ਤੱਕ ਉੱਚ ਮਿਆਰ ਅਨੁਸਾਰ ਪੂਰੇ ਕਰਵਾਏ ਜਾਣਗੇ। ਇਸ ਉਪਰੰਤ ਆਉਣ ਵਾਲੇ ਸਮੇਂ ਵਿੱਚ ਬਾਕੀ ਸੜਕਾਂ ਦਾ ਜਾਲ ਵਿਛਾਉਣ ਲਈ ਵੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ।