ਅੰਤਰਰਾਸ਼ਟਰੀ ਮੰਚ ’ਤੇ ਚਮਕੇ ਅੰਜਲੀ ਦੇਵੀ ਤੇ ਅਜਿਆ ਰਾਜ
ਅੰਤਰਰਾਸ਼ਟਰੀ ਮੰਚ ’ਤੇ ਚਮਕੇ ਅੰਜਲੀ ਦੇਵੀ ਅਤੇ ਅਜਿਆ ਰਾਜ
Publish Date: Wed, 10 Jun 2026 04:24 PM (IST)
Updated Date: Thu, 11 Jun 2026 04:03 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਜੈਤੋ : ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਭਾਰਤ ਦੇ ਦੋ ਹੋਣਹਾਰ ਖਿਡਾਰੀਆਂ ਅੰਜਲੀ ਦੇਵੀ ਅਤੇ ਅਜਿਆ ਰਾਜ ਨੇ ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਖੇ 1 ਜੂਨ ਤੋਂ ਲੈ ਕੇ 8 ਜੂਨ 2026 ਤੱਕ ਕਰਵਾਈ ਗਈ ਅਸਤਾਨਾ ਬੋਸ਼ੀਆ ਵਰਲਡ ਕੱਪ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਦੋਵੇਂ ਖਿਡਾਰੀ ਬੀਸੀ-3 ਕੈਟਾਗਰੀ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ। ਇਸ ਵਿਸ਼ਵ ਪੱਧਰੀ ਚੈਂਪੀਅਨਸ਼ਿਪ ਵਿੱਚ ਦੁਨੀਆ ਦੇ ਲਗਭਗ 30 ਦੇਸ਼ਾਂ ਦੇ ਚੋਟੀ ਦੇ ਖਿਡਾਰੀਆਂ ਨੇ ਭਾਗ ਲਿਆ, ਜਿਸ ਕਾਰਨ ਮੁਕਾਬਲਾ ਬੇਹੱਦ ਸਖ਼ਤ ਅਤੇ ਰੋਮਾਂਚਕ ਰਿਹਾ। ਭਾਰਤੀ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ, ਦ੍ਰਿੜ੍ਹ ਇਰਾਦੇ ਅਤੇ ਜ਼ਜ਼ਬੇ ਨਾਲ ਅੰਤਰਰਾਸ਼ਟਰੀ ਖੇਡ ਮੰਚ ’ਤੇ ਭਾਰਤ ਦੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ। ਖ਼ਾਸ ਤੌਰ ’ਤੇ ਅੰਜਲੀ ਦੇਵੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਰਲਡ ਕੱਪ ਚੈਂਪੀਅਨਸ਼ਿਪ ਵਿੱਚ ਚੌਥਾ ਸਥਾਨ ਹਾਸਲ ਕੀਤਾ, ਜੋ ਕਿ ਭਾਰਤੀ ਬੋਸ਼ੀਆ ਖੇਡ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਦੇਸ਼ ਭਰ ਦੇ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣਨ ਦਾ ਕੰਮ ਕੀਤਾ ਹੈ। ਅਜਿਆ ਰਾਜ ਨੇ ਵੀ ਆਪਣੇ ਮੁਕਾਬਲਿਆਂ ਵਿੱਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਦੀ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਅੰਤਰਰਾਸ਼ਟਰੀ ਦੌਰੇ ਦੌਰਾਨ ਖਿਡਾਰੀਆਂ ਦੇ ਨਾਲ ਕੋਚ ਜਗਰੂਪ ਸਿੰਘ ਸੂਬਾ ਬਰਾੜ ਅਤੇ ਜਸਵਿੰਦਰ ਸਿੰਘ ਕੁਲਾਰ ਵੀ ਮੌਜੂਦ ਰਹੇ, ਜਿਨ੍ਹਾਂ ਦੀ ਸਿਖਲਾਈ ਅਤੇ ਮਾਰਗਦਰਸ਼ਨ ਨੇ ਖਿਡਾਰੀਆਂ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਕੋਚਾਂ ਨੇ ਖਿਡਾਰੀਆਂ ਦੀ ਤਿਆਰੀ ਅਤੇ ਮੁਕਾਬਲਿਆਂ ਦੌਰਾਨ ਹਰ ਪੱਖੋਂ ਸਹਾਇਤਾ ਕਰਕੇ ਭਾਰਤੀ ਟੀਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਦੇ ਆਹੁਦੇਦਾਰਾਂ ਅਸ਼ੋਕ ਬੇਦੀ, ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਿੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਆਹੁਦੇਦਾਰਾਂ ਨੇ ਦੋਵੇਂ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਖਿਡਾਰੀਆਂ ਦੀਆਂ ਇਹ ਉਪਲਬਧੀਆਂ ਭਵਿੱਖ ਵਿੱਚ ਭਾਰਤੀ ਬੋਸ਼ੀਆ ਖੇਡ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਣਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਹੋਰ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਦੇਸ਼ ਲਈ ਤਗਮੇ ਜਿੱਤ ਕੇ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਹੋਰ ਉੱਚਾ ਕਰਨਗੇ।