ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂ
ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਸੜਕਾਂ ‘ਤੇ ਘੁੰਮਦੇ ਅਵਾਰਾ ਪਸ਼ੂ
Publish Date: Tue, 03 Feb 2026 05:28 PM (IST)
Updated Date: Wed, 04 Feb 2026 04:05 AM (IST)

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਨਾਲ ਜ਼ਿਲ੍ਹੇ ਵਧ ਰਹੀ ਗਿਣਤੀ, ਢੱਠਿਆਂ ਦੀ ਲੜਾਈ ਕਾਰਨ ਵੀ ਲੋਕਾਂ ਨੂੰ ਝੱਲਣਾ ਪੈ ਰਿਹਾ ਨੁਕਸਾਨ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਜ਼ਿਲ੍ਹੇ ਭਰ ’ਚ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਲੋਕ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਤੋਂ ਇਲਾਵਾ ਢੱਠਿਆਂ ਦੀ ਆਪਸੀ ਲੜਾਈ ਕਾਰਨ ਵੀ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਅੱਖਾਂ ਬੰਦ ਕਰੀ ਬੈਠੇ ਹਨ। ਜਿਕਰਯੋਗ ਹੈ ਕਿ ਜ਼ਿਲ੍ਹੇ ਭਰ ਦੀਆਂ ਸੜਕਾਂ ‘ਤੇ ਵੱਡੀ ਗਿਣਤੀ ਵਿੱਚ ਬੇਸਹਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਹਰ ਗਲੀ-ਮੁਹੱਲੇ ਵਿੱਚ ਬੇਸਹਾਰਾ ਪਸ਼ੂਆਂ ਦੇ ਝੁੰਡ ਦਿਖਾਈ ਦੇ ਜਾਂਦੇ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਥਾਂ-ਥਾਂ ਲਗਾਏ ਗਏ ਕੂੜੇ ਦੇ ਢੇਰਾਂ ‘ਤੇ ਵੀ ਇਹ ਬੇਸਹਾਰਾ ਪਸ਼ੂ ਮੂੰਹ ਮਾਰਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਮੌਕੇ ਸਮਾਜਸੇਵੀ ਸੁਰਜੀਤ ਸਿੰਘ,ਨਵਪ੍ਰੀਤ ਸਿੰਘ,ਇਮਰਨਜੀਤ ਸਿੰਘ ਨੇ ਦੱਸਿਆ ਕਿ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਪੈਦਲ ਜਾਣ ਵਾਲੇ ਲੋਕਾਂ ਨਾਲ ਨਾਲ ਵਾਹਨ ਚਾਲਕ ਵੀ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਇਹ ਪਸ਼ੂ ਅਚਾਨਕ ਸੜਕ ਦੇ ਕਿਨਾਰੇ ਤੋਂ ਸੜਕ ਦੇ ਵਿਚਕਾਰ ਆ ਜਾਂਦੇ ਹਨ, ਜਿਸ ਕਾਰਨ ਵਾਹਨ ਹਾਦਸਾਗ੍ਰਸਤ ਹੋ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਬੇਸਹਾਰਾ ਪਸ਼ੂਆਂ ਕਾਰਨ ਲੋਕ ਗੰਭੀਰ ਤੌਰ ‘ਤੇ ਜਖਮੀ ਹੋਏ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਮਾਜਸੇਵੀ ਰਾਜੀਵ ਕੁਮਾਰ,ਤਰਸੇਮ ਸਿੰਘ,ਗੁਰਿੰਦਰ ਸਿੰਘ ਨੇ ਦੱਸਿਆ ਕਿ ਸੜਕਾਂ ‘ਤੇ ਘੁੰਮਦੀਆਂ ਬੇਸਹਾਰਾ ਗਾਂਵਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਘੁੰਮ ਰਹੇ ਢੱਠੇ ਲੋਕਾਂ ਲਈ ਹੋਰ ਵੀ ਖ਼ਤਰਨਾਕ ਸਾਬਤ ਹੋ ਰਹੇ ਹਨ। ਜ਼ਿਲ੍ਹੇ ਦੀਆਂ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਵਿੱਚ ਗਾਂਵਾਂ ਦੀ ਗਿਣਤੀ ਘੱਟ ਅਤੇ ਢੱਠਿਆਂ ਦੀ ਗਿਣਤੀ ਵੱਧ ਹੈ, ਕਿਉਂਕਿ ਗਊਆਂ ਨੂੰ ਤਾਂ ਗਊਸ਼ਾਲਾਵਾਂ ਵੱਲੋਂ ਰੱਖ ਲਿਆ ਜਾਂਦਾ ਹੈ ਪਰ ਢੱਠਿਆਂ ਨੂੰ ਰੱਖਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਪੂਰੀ ਖੁਰਾਕ ਨਾ ਮਿਲਣ ਕਾਰਨ ਇਹ ਢੱਠਿਆਂ ਨੂੰ ਅਕਸਰ ਆਪਸ ’ਚ ਲੜਦਿਆਂ ਦੇਖਿਆ ਜਾ ਸਕਦਾ ਹੈ। ਸੜਕਾਂ ਦੇ ਵਿਚਕਾਰ ਲੜਾਈ ਹੋਣ ਕਾਰਨ ਕਈ ਵਾਰ ਲੋਕਾਂ ਲਈ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਕਾਰਨ ਕਈ ਵਾਰ ਵਾਹਨਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ। ਕੁਝ ਮਹੀਨੇ ਪਹਿਲਾਂ ਕਮਮੇਆਣਾ ਚੌਕ ‘ਤੇ ਢੱਠਿਆਂ ਦੀ ਲੜਾਈ ਦੌਰਾਨ ਇੱਕ ਕਾਰ ਅਤੇ ਇੱਕ ਦੁਕਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਗੌਰਤਲਬ ਹੈ ਕਿ ਲਗਭਗ ਦੋ ਸਾਲ ਪਹਿਲਾਂ ਫਰੀਦਕੋਟ ਸ਼ਹਿਰ ਵਿੱਚ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਬੇਸਹਾਰਾ ਪਸ਼ੂਆਂ ਨੂੰ ਗੋਲੇਵਾਲਾ ਸਥਿਤ ਗੌਸ਼ਾਲਾ ਵਿੱਚ ਭੇਜਿਆ ਗਿਆ ਸੀ, ਪਰ ਉਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਇਸ ਮਾਮਲੇ ‘ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਕ ਵਾਰ ਫਿਰ ਸੜਕਾਂ ‘ਤੇ ਬੇਸਹਾਰਾ ਪਸ਼ੂਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਇਸ ਸਬੰਧੀ ਰਜਿੱਦਰ ਸਿੰਘ,ਸੂਬਾ ਸਿੰਘ,ਸੰਦੀਪ ਸਿੰਘ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂਆਂ ਕਾਰਨ ਆਮ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਮਾਮਲਾ ਨਗਰ ਕੌਂਸਲ ਦੇ ਅਧੀਨ ਆਉਂਦਾ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਕਾਰਨ ਨਾ ਸਿਰਫ ਵੱਡੇ ਸਗੋਂ ਬੱਚੇ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਹਾਲਾਤ ਇਹ ਹਨ ਕਿ ਲੋਕ ਆਪਣੇ ਬੱਚਿਆਂ ਨੂੰ ਵੀ ਇਕੱਲਾ ਕਿਤੇ ਭੇਜਣ ਤੋਂ ਡਰਦੇ ਹਨ, ਕਿਉਂਕਿ ਕਈ ਵਾਰ ਗਲੀਆਂ ਵਿੱਚ ਬੇਸਹਾਰਾ ਪਸ਼ੂ ਅਚਾਨਕ ਹਮਲਾ ਕਰ ਦਿੰਦੇ ਹਨ। ਇਸ ਸਬੰਧ ਵਿੱਚ ਜਦੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਜਾਣਗੇ ਤੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ’ਚ ਭੇਜਿਆ ਜਾਵੇਗਾ।