ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦਾ ਕੀਤਾ ਵਿਰੋਧ
ਸਰਕਾਰਾਂ ਵੱਲੋਂ ਜ਼ਮੀਨਾਂ ਵੇਚਣ ਵਿਰੁੱਧ ਇਕੱਠੇ ਹੋ ਕੇ "ਹੱਲਾ ਬੋਲ" ਸੰਘਰਸ਼ ਦੀ ਵੱਡੀ ਲੋੜ
Publish Date: Wed, 18 Feb 2026 04:09 PM (IST)
Updated Date: Thu, 19 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਬਿਜਲੀ ਬੋਰਡ ਹੁਣ ਬਿਜਲੀ ਨਿਗਮ ਨੂੰ ਸਾਡੇ ਵੱਡ-ਵਡੇਰਿਆਂ ਨੇ ਆਪਣੇ ਖੂਨ ਰੂਪੀ ਮੁੜ੍ਹਕੇ ਨਾਲ ਸਿੰਝਕੇ, ਹੱਡ ਭੰਨਵੀ ਮਿਹਨਤ ਕਰਕੇ, ਪੰਜਾਬ ਵਾਸੀਆਂ ਲਈ ਪਬਲਿਕ ਸੈਕਟਰ ਦੇ ਇਸ ਅਦਾਰੇ ਨੂੰ ਖੜਾ ਕੀਤਾ ਹੈ। ਸਾਡੇ ਬਿਜਲੀ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਇਸ ਬੂਟੇ ਨੂੰ ਹਰਿਆ-ਭਰਿਆ ਰੱਖਣ ਲਈ ਆਪੋ-ਆਪਣਾ ਬਣਦਾ ਯੋਗਦਾਨ ਪਾ ਕੇ ਇੱਕ ਵਿਸ਼ਾਲ ਬਿਜਲੀ ਢਾਂਚੇ ਵਿੱਚ ਤਬਦੀਲ ਕਰਕੇ ਦੇਸ਼ ਦੀ ਤਰੱਕੀ ਲਈ ਕਾਰਖਾਨਿਆਂ ਦੀ ਠੱਕ-ਠੱਕ ਜਾਰੀ ਰੱਖਣ ਲਈ ਇਸ ਦੀਆਂ ਜੜਾਂ ਨੂੰ ਹੋਰ ਵੀ ਡੂੰਘਾ ਕੀਤਾ ਹੈ। ਇਸ ਸਬੰਧੀ ਇੰਜੀਨੀਅਰ ਜਗਜੀਤ ਸਿੰਘ ਕੰਡਾ ਕੋਟਕਪੁਰਾ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਵੇਚ ਵੱਟ ਕੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।ਉਨ੍ਹਾਂ ਦੱਸਿਆ ਕਿ ਜਿਹੜੇ ਦੂਜਿਆਂ ਦੇ 25 ਸਾਲਾ ਬਿਜਲੀ ਸਮਝੌਤੇ ਰੱਦ ਕਰਾਉਣ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਏ ਸਨ, ਉਹਨਾਂ ਨੇ ਤਾਂ ਅੱਤ ਹੀ ਕਰਾ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਬਿਜਲੀ ਨਿਗਮ ਦੀਆਂ ਬਹੁ-ਕੀਮਤੀ ਜ਼ਮੀਨਾਂ ਮੌਜ਼ੂਦਾ ਪੰਜਾਬ ਸਰਕਾਰ ਧੱਕੇ ਨਾਲ ਵੇਚ ਰਹੀ ਹੈ, ਜਿਵੇਂ ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ, ਸਰਕਾਰਾਂ ਵੱਲੋਂ ਬਿਜਲੀ ਸੋਧ ਬਿੱਲ ਲਿਆ ਕੇ ਪਬਲਿਕ ਸੈਕਟਰ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇੰਜੀਨੀਅਰ ਜਗਜੀਤ ਸਿੰਘ ਕੰਡਾ ਕੋਟਕਪੁਰਾ ਨੇ ਕਿਹਾ ਕਿ ਅੱਜ ਦੇ ਇਹਨਾਂ ਹਾਲਾਤਾਂ ਵਿੱਚ ਸਾਨੂੰ ਸਾਰੀਆਂ ਧਿਰਾਂ ਨੂੰ ਆਪੋ-ਆਪਣੀ ਈਗੋ ਛੱਡ ਕੇ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ, ਪਬਲਿਕ ਸੈਕਟਰ ਜੁਆਇੰਟ ਐਕਸ਼ਨ ਕਮੇਟੀ, ਜੋਆਇੰਟ ਫੋਰਮ ਤੇ ਏਕਤਾ ਮੰਚ, ਬਿਜਲੀ ਘਰਾਂ ਦੀਆਂ ਜੱਥੇਬੰਦੀਆਂ, ਪੈਨਸ਼ਨਰ ਐਸੋਸ਼ੀਏਸ਼ਨ ਤੇ ਹੋਰ ਬਾਕੀ ਸਾਰੀਆਂ ਧਿਰਾਂ ਨੂੰ ਸਿਰ ਜੋੜਕੇ, ਇੱਕ ਮੱਤ ਹੋਕੇ, ਇਕੱਠਿਆਂ ਹੱਲਾ ਬੋਲ ਰੂਪੀ ਸੰਘਰਸ਼ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣਾ ਬਿਜਲੀ ਨਿਗਮ ਬਚਾ ਸਕੀਏ।