ਭਾਜਪਾ ਆਗੂਆਂ ਵੱਲੋਂ ਜੀ ਰਾਮ ਜੀ ਸਕੀਮ ਦੀ ਸ਼ਲਾਘਾ
‘ਆਪ’ ਤੇ ਕਾਂਗਰਸ ਪਾਰਟੀ ਰਾਜਨੀਤੀ ਤਹਿਤ ਲੋਕਹਿਤ ’ਚ ਲਿਆਂਦੇ ਬਿੱਲ ਦਾ ਕਰ ਰਹੀਆਂ ਵਿਰੋਧ : ਭਾਜਪਾ ਆਗੂ
Publish Date: Sat, 31 Jan 2026 03:57 PM (IST)
Updated Date: Sun, 01 Feb 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਤੇ ਮਨ ਕੀ ਬਾਤ ਪੰਜਾਬ ਦੇ ਸਹਿ ਸੰਯੋਜਕ ਸੰਦੀਪ ਕੁਮਾਰ ‘ਟੋਨੀ ਸ਼ਰਮਾ’ ਜੈਤੋ, ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਦੇ ਸਕੱਤਰ ਜਸਪਾਲ ਸਿੰਘ ਪੰਜਗਰਾਈਂ ਅਤੇ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਰਾਮ ਅਵਤਾਰ ਵਰਮਾ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ‘ਵਿਕਸਿਤ ਭਾਰਤ-ਜੀ ਰਾਮ ਜੀ ਬਿੱਲ’ ਰੁਜ਼ਗਾਰ ਗਰੰਟੀ ਨੂੰ ਵਧਾ ਕੇ, ਸਥਾਨਕ ਯੋਜਨਾਬੰਦੀ ਨੂੰ ਲਾਗੂ ਕਰਕੇ, ਕਾਮਿਆਂ ਦੀ ਸੁਰੱਖਿਆ ਤੇ ਖੇਤੀਬਾੜੀ ਪੈਦਾਵਾਰ ਦੇ ਵਿੱਚ ਸੰਤੁਲਨ ਬਣਾ ਕੇ, ਯੋਜਨਾਵਾਂ ਨੂੰ ਏਕੀਕਿ੍ਰਤ ਕਰਕੇ, ਫਰੰਟਲਾਈਨ ਸਮਰੱਥਾ ਨੂੰ ਮਜ਼ਬੂਤ ਕਰਕੇ ਸ਼ਾਸਨ-ਵਿਵਸਥਾ ਦਾ ਆਧੁਨਿਕੀਕਰਨ ਕਰਕੇ ਪੇਂਡੂ ਜੀਵਨ-ਨਿਰਬਾਹ ਵਿੱਚ ਬਦਲਾਅ ਲਿਆਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਰਾਹੀਂ ਜਿੱਥੇ ਇੱਕ ਕਾਮੇ ਨੂੰ ਸਾਲ ’ਚ ਸਿਰਫ਼ 100 ਦਿਨ ਕੰਮ ਮਿਲਦਾ ਸੀ, ਉੁਥੇ ਹੀ ਹੁਣ ਉਨ੍ਹਾਂ ਕਾਮਿਆ ਨੂੰ 125 ਦਿਨ ਕੰਮ ਮਿਲੇਗਾ ਤੇ ਦਿਹਾੜੀ ਵਜੋਂ 250 ਰੁਪਏ ਪ੍ਰਤੀ ਦਿਨ ਦੀ ਥਾਂ ’ਤੇ 400 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਖੇਤੀਵਾੜੀ ਤੇ ਫ਼ਸਲ ਦੇ ਸਮੇਂ ਜੋ ਕੰਮ ਕਰਨਾ ਜ਼ਰੂਰੀ ਹੁੰਦਾ ਸੀ, ਉਸ ’ਤੇ ਵੀ ਸੋਧ ਕਰਦੇ ਹੋਏ ਖੇਤੀਬਾੜੀ ਦੇ ਕੰਮ ਨੂੰ ਪਹਿਲ ਦਿੱਤੀ ਗਈ ਹੈ। ਇਸ ਸਭ ਤੋਂ ਵੀ ਵੱਡੀ ਇਕ ਹੋਰ ਗੱਲ ਕਿ ਹਰ ਕੰਮ ਦੀ ਜੀ.ਪੀ.ਐੱਸ. ਰਾਹੀਂ ਨਿਗਰਾਨੀ ਰੱਖਣ ਦੀ ਗੱਲ ਵੀ ਕਹੀ ਗਈ ਹੈ ਤਾਂ ਜੋ ਹਰ ਇੱਕ ਲੋੜਵੰਦ ਕਾਮੇ ਨੂੰ ਕੰਮ ਮਿਲ ਸਕੇ ਤੇ ਪਹਿਲਾਂ ਜੋ ਜਾਲੀ ਤਰੀਕਿਆਂ ਨਾਲ ਹਾਜ਼ਰੀਆਂ ਲਗਾਈਆਂ ਜਾਂਦੀਆਂ ਸਨ, ਉਸ ਨੂੰ ਰੋਕਿਆ ਜਾ ਸਕੇ। ਭਾਜਪਾ ਆਗੂਆਂ ਨੇ ਇਹ ਵੀ ਦੱਸਿਆ ਕਿ ‘ਵਿਕਸਿਤ ਭਾਰਤ-ਜੀ ਰਾਮ ਜੀ’ ਸਕੀਮ ’ਚ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ 60 : 40 ਦੀ ਰੇਸ਼ੋ ਨਾਲ ਭਾਗੀਦਾਰੀ ਹੋਵੇਗੀ। ਉਨ੍ਹਾਂ ਆਮ ਆਦਮੀ ਤੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਵੱਲੋਂ ਲੋਕਹਿੱਤ ਨੂੰ ਛਿੱਕੇ ਟੰਗ ਕੇ ਸਿਰਫ਼ ਵੋਟਾਂ ਦੀ ਰਾਜਨੀਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਦੇ ਲੋਕਹਿੱਤ ’ਚ ਲਿਆਂਦੇ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਭਾਜਪਾ ਵੱਲੋਂ ਇਸ ‘ਵਿਕਸਿਤ ਭਾਰਤ-ਜੀ ਰਾਮ ਜੀ’ ਸਕੀਮ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤੇ ਲੋਕਾਂ ਨੂੰ ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।