ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਤਿਆਰੀ
28 ਮਾਰਚ ਨੂੰ ਫ਼ਰੀਦਕੋਟ ਜ਼ਿਲ੍ਹੇ ਵਿੱਚ 6 ਹੋਰ ਨਵੇਂ 'ਆਮ ਆਦਮੀ ਕਲੀਨਿਕ' ਹੋਣਗੇ ਲੋਕ ਅਰਪਣ
Publish Date: Wed, 25 Mar 2026 05:08 PM (IST)
Updated Date: Thu, 26 Mar 2026 04:02 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਆਪਣੇ ਡਰੀਮ ਪ੍ਰੋਜੈਕਟ ਤਹਿਤ ਸੂਬੇ ਵਿੱਚ ਸਿਹਤ ਸਹੂਲਤਾਂ ਦਾ ਵਿਸਥਾਰ ਕਰਦਿਆਂ ਆਉਂਦੀ 28 ਮਾਰਚ 2026 ਨੂੰ 109 ਹੋਰ ਨਵੇਂ ਆਮ ਆਦਮੀ ਕਲੀਨਿਕ ਲਾਂਚ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਜ਼ਿਲ੍ਹਾ ਫ਼ਰੀਦਕੋਟ ਵਿੱਚ 6 ਨਵੇਂ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਮਿਆਰੀ ਸਿਹਤ ਸੇਵਾਵਾਂ ਮਿਲਣਗੀਆਂ। ਅੱਜ ਸਿਵਲ ਸਰਜਨ ਫ਼ਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਵੱਲੋਂ ਇਨ੍ਹਾਂ ਨਵੇਂ ਖੁੱਲ੍ਹਣ ਵਾਲੇ ਕਲੀਨਿਕਾਂ ਲਈ ਚੁਣੇ ਗਏ ਸਟਾਫ਼ ਨੂੰ ਇੱਕ ਵਿਸ਼ੇਸ਼ ਸਿਖਲਾਈ ਸੈਸ਼ਨ ਦੌਰਾਨ ਨਿਯੁਕਤੀ ਪੱਤਰ ਵੰਡੇ ਗਏ। ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਹ ਨਵੇਂ ਕਲੀਨਿਕ ਗੁਰੂਹਰਸਹਾਏ ਰੋਡ ਸਾਦਿਕ, ਬੀ.ਐਸ.ਐਨ.ਐਲ. ਕੁਆਰਟਰਾਂ ਦੀ ਬੈਕਸਾਈਡ ਹਰੀ ਨੌ ਰੋਡ ਕੋਟਕਪੂਰਾ, ਜੋਤ ਰਾਮ ਕਲੋਨੀ ਧਰਮਸ਼ਾਲਾ ਭੋਲੂ ਵਾਲਾ ਰੋਡ ਫ਼ਰੀਦਕੋਟ, ਗਲੀ ਨੰਬਰ 11 ਡੋਗਰ ਬਸਤੀ ਫ਼ਰੀਦਕੋਟ, ਪਿੰਡ ਰੋਮਾਣਾ ਅਲਬੇਲ ਸਿੰਘ ਅਤੇ ਪਿੰਡ ਸੰਧਵਾਂ ਵਿਖੇ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਸਿਵਲ ਹਸਪਤਾਲਾਂ ਤੇ ਮਰੀਜ਼ਾਂ ਦਾ ਬੋਝ ਘਟੇਗਾ ਅਤੇ ਲੋਕਾਂ ਨੂੰ ਟੈਸਟਾਂ ਅਤੇ ਦਵਾਈਆਂ ਲਈ ਦੂਰ ਨਹੀਂ ਜਾਣਾ ਪਵੇਗਾ। ਸਿਖਲਾਈ ਸੈਸ਼ਨ ਦੌਰਾਨ ਨਵੇਂ ਭਰਤੀ ਹੋਏ ਸਟਾਫ਼ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਸਰਕਾਰ ਦਾ ਅਹਿਮ ਪ੍ਰੋਜੈਕਟ ਹੈ, ਇਸ ਲਈ ਮਰੀਜ਼ਾਂ ਦੀ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਟਾਫ਼ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਹਿਮਾਂਸ਼ੂ ਗਰਗ, ਡਾ. ਦੀਪਤੀ ਅਰੋੜਾ, ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ, ਲਖਵਿੰਦਰ ਕੈਂਥ ਅਤੇ ਡਾ. ਪ੍ਰਭਦੀਪ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੀਨੀਅਰ ਫਾਰਮੇਸੀ ਅਫ਼ਸਰ ਸੁਨੀਲ ਸਿੰਗਲਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੂਰਜ ਪ੍ਰਕਾਸ਼, ਕੰਪਿਊਟਰ ਆਪਰੇਟਰ ਲਵ ਕਿਰਨ ਅਤੇ ਗੁਰਚੈਨ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਨਵੇਂ ਸਟਾਫ਼ ਨੂੰ ਪ੍ਰਬੰਧਕੀ ਅਤੇ ਤਕਨੀਕੀ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।