ਰੀਸਾਈਕਲਿੰਗ ਪ੍ਰਾਜੈਕਟ ਰਾਹੀਂ ਚੌਗਿਰਦੇ ਦੀ ਸੰਭਾਲ ਦਾ ਦਿੱਤਾ ਸੁਨੇਹਾ
ਵਾਤਾਵਰਣ ਦੀ ਸੰਭਾਲ ਲਈ ਰੀਸਾਈਕਲਿੰਗ ਪ੍ਰੋਜੈਕਟ ਰਾਹੀਂ ਦਿੱਤਾ ਨਿਵੇਕਲਾ ਸੁਨੇਹਾ
Publish Date: Sat, 28 Feb 2026 04:07 PM (IST)
Updated Date: Sun, 01 Mar 2026 03:59 AM (IST)
ਸਰਕਾਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਵਰਕਸ਼ਾਪ ਲਗਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਪ੍ਰਿੰਸੀਪਲ ਮਨਿੰਦਰ ਕੌਰ ਦੀ ਸੁਯੋਗ ਅਗਵਾਈ ਹੇਠ ਵਿਖੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਇੱਕ ਰੋਜ਼ਾ 'ਸਕਿੱਲ-ਬੇਸਡ ਵਰਕਸ਼ਾਪ' ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਭਾਗ ਲਿਆ। "ਕੂੜੇ ਤੋਂ ਕਲਾ" ਸਿਧਾਂਤ ਅਨੁਸਾਰ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਜ਼ਿਲ੍ਹਾ ਮਾਸਟਰ ਟ੍ਰੇਨਰ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਉਨ੍ਹਾਂ ਨੇ (ਘਟਾਓ, ਮੁੜ ਵਰਤੋਂ ਅਤੇ ਮੁੜ ਚੱਕਰਣ) ਦੇ ਸਿਧਾਂਤ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਕਿਵੇਂ ਅਸੀਂ ਵਿਅਰਥ ਸਮਾਨ ਨੂੰ ਉਪਯੋਗੀ ਵਸਤੂਆਂ ਵਿੱਚ ਬਦਲ ਕੇ ਲੈਂਡਫਿਲ (ਕੂੜੇ ਦੇ ਢੇਰਾਂ) ਨੂੰ ਘਟਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਕਦਮ ਸਾਡੇ ਵਾਤਾਵਰਣ ਲਈ ਇੱਕ ਵਰਦਾਨ ਸਾਬਤ ਹੋਵੇਗਾ। ਸਕੂਲ ਦੇ ਪ੍ਰਿੰਸੀਪਲ ਮਨਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਰੀਸਾਈਕਲਿੰਗ ਪ੍ਰੋਜੈਕਟ ਸਵੈ-ਉੱਦਮੀ ਦਾ ਇੱਕ ਵਧੀਆ ਜ਼ਰੀਆ ਬਣ ਸਕਦੇ ਹਨ। ਖਾਸ ਤੌਰ 'ਤੇ ਲੜਕੀਆਂ ਲਈ ਇਹ ਹੁਨਰ ਭਵਿੱਖ ਵਿੱਚ ਆਰਥਿਕ ਤੌਰ 'ਤੇ ਸਹਾਈ ਹੋ ਸਕਦਾ ਹੈ, ਜਿਸ ਨਾਲ ਉਹ ਆਪਣੇ ਪਰਿਵਾਰ ਦੀ ਮਦਦ ਕਰ ਸਕਦੀਆਂ ਹਨ। ਵਰਕਸ਼ਾਪ ਦੌਰਾਨ ਗੁਰਪ੍ਰੀਤ ਕੌਰ ਨੇ ਬੜੇ ਦਿਲਚਸਪ ਤਰੀਕੇ ਨਾਲ ਪ੍ਰੈਕਟੀਕਲ ਡੈਮੋ ਦਿੱਤੇ, ਜਿਨ੍ਹਾਂ ਵਿੱਚ ਬਚੇ ਹੋਏ ਕੱਪੜਿਆਂ ਤੋਂ ਹੱਥੀਂ ਬੁਣੇ ਹੋਏ ਪਾਇਦਾਨ, ਸਟੇਸ਼ਨਰੀ ਰੱਖਣ ਲਈ ਛੋਟੀਆਂ ਕਿੱਟਾਂ,ਲੀਰਾਂ ਅਤੇ ਪੁਰਾਣੇ ਕੱਪੜਿਆਂ ਤੋਂ ਸ਼ਾਪਿੰਗ ਬੈਗ,ਸੁੰਦਰ ਪਰਸ ਅਤੇ ਘਰ ਦੀ ਵਰਤੋਂ ਦਾ ਹੋਰ ਕਈ ਸਾਮਾਨ,ਸਕੂਲ ਨੂੰ ਹਰਿਆ-ਭਰਿਆ ਬਣਾਉਣ ਦੇ ਅਹਿਦ ਦੇ ਮੱਦੇਨਜ਼ਰ ਪ੍ਰਿੰਸੀਪਲ ਮਨਿੰਦਰ ਕੌਰ ਨੇ ਵਿਦਿਆਰਥੀਆਂ ਦੀ ਸਿੱਖਣ ਦੀ ਲਗਨ ਦੀ ਸ਼ਲਾਘਾ ਕੀਤੀ ਅਤੇ ਕਿਹਾ "ਕੂੜਾ ਨਹੀਂ, ਇਹ ਤਾਂ ਖ਼ਜ਼ਾਨਾ ਹੈ! ਵਰਕਸ਼ਾਪ ਵਿੱਚ ਬੱਚਿਆਂ ਨੇ ਕੁਝ ਹੀ ਘੰਟਿਆਂ 'ਚ ਸਿਰਜਣਾਤਮਕਤਾ ਦਾ ਜੌਹਰ ਦਿਖਾ ਕੇ ਕਮਾਲ ਕਰ ਦਿੱਤਾ।" ਉਨ੍ਹਾਂ ਨੇ ਗੁਰਪ੍ਰੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਹੀ ਸੀਮਤ ਸਮੇਂ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਹੁਨਰ ਸਿਖਾਇਆ ਹੈ। ਇਹ ਪ੍ਰੋਜੈਕਟ ਨਾ ਸਿਰਫ਼ 'ਗ੍ਰੀਨ ਸਕੂਲ ਪ੍ਰੋਗਰਾਮ' ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ, ਸਗੋਂ ਸਕੂਲ ਨੂੰ ਹੋਰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਇਸ ਵਰਕਸ਼ਾਪ ਦੇ ਸਫਲ ਆਯੋਜਨ ਲਈ ਰਮਨਦੀਪ ਕੌਰ ,ਪ੍ਰੀਤੀ ਗੋਇਲ ,ਬੰਦਨਾ ਰਾਣੀ, ਮਨਿੰਦਰਪਾਲ ਕੌਰ, ਰਜਿੰਦਰ ਕੌਰ, ਪਰਮਿੰਦਰ ਕੌਰ ਅਤੇ ਆਂਚਲ ਨੇ ਅਹਿਮ ਭੂਮਿਕਾ ਨਿਭਾਈ।