ਬਰਗਾੜੀ ਵਿਖੇ ਨਗਰ ਕੀਰਤਨ ਸਜਾਇਆ
ਬਰਗਾੜੀ ਵਿਖੇ ਸ਼ਾਨਦਾਰ ਨਗਰ ਕੀਰਤਨ ਸਜਾਇਆ
Publish Date: Fri, 02 Jan 2026 04:05 PM (IST)
Updated Date: Sat, 03 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਸਬਾ ਬਰਗਾੜੀ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਪਿੰਡ ਦੀਆਂ ਗਲੀਆਂ ’ਚੋਂ ਦੀ ਹੋ ਕੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦਾ ਪਿੰਡ ਦੇ ਲੋਕਾਂ ਵੱਲੋਂ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਕਈ ਥਾਂ ’ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਪਿੰਡ ’ਚ ਥਾਂ-ਥਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਕੌੜਿਆਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਨਗਰ ਕੀਰਤਨ ’ਚ ਸੰਗਤ ਵੱਲੋਂ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦੀਆਂ ਹੋਇਆਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਤੇ ਕਵੀਸ਼ਰ ਅਤੇ ਢਾਡੀ ਜੱਥਿਆਂ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਗਾ ਕੇ ਪਹੁੰਚੀਆਂ ਹੋਈਆਂ ਸੰਗਤਾਂ ਨਿਹਾਲ ਕੀਤਾ। ਗੱਤਕਾ ਟੀਮ ਨੇ ਸ਼ਾਨਦਾਰ ਢੰਗ ਨਾਲ ਗਤਕੇ ਦੇ ਜੌਹਰ ਵਿਖਾਏ। ਇਸ ਮੌਕੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ (ਭਲੂਰੀਆ), ਸਰਪੰਚ ਪ੍ਰਤਾਪ ਸਿੰਘ ਆਦਿ ਨੇ ਨਗਰ ਕੀਰਤਨ ਦੀ ਰਵਾਨਗੀ ਸਮੇਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਦਸਮੇਸ਼ ਪਿਤਾ ਜੀ ਦੇ ਉਪਦੇਸ਼ਾਂ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ (ਭਲੂਰੀਆ) ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਗੁਰ ਉਪਦੇਸ਼ਾਂ ਤੇ ਚਲਦਿਆਂ ਗੁਰੂ ਸਾਹਿਬਾਨਾਂ ਵੱਲੋਂ ਸਾਜੀ ਪਵਿੱਤਰ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਇਸ ਮੌਕੇ ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਗੁਰਚਰਨ ਸਿੰਘ ਢਿੱਲੋਂ, ਪੰਚ ਗੁਰਦਿੱਤ ਸਿੰਘ, ਮੱਖਣ ਸਿੰਘ, ਜੈ ਪਾਲ ਸ਼ਰਮਾ, ਵੀਰ ਚੰਦ ਸ਼ਰਮਾ, ਹਰਬੰਸ ਸਿੰਘ ਢਿੱਲੋਂ, ਬਲਵੰਤ ਸਿੰਘ ਫ਼ੌਜੀ, ਜੱਗਾ ਸਿੰਘ ਗੋਂਦਾਰਾ, ਕੁਲਦੀਪ ਸਿੰਘ ਗੋਂਦਾਰਾ, ਗੁਰਮੀਤ ਸਿੰਘ ਪੱਪੂ ਬਰਾੜ, ਵੇਦ ਪ੍ਰਕਾਸ਼ ਸ਼ਰਮਾ, ਬਾਲਾ ਸ਼ਰਮਾ, ਰਵਿੰਦਰ ਸ਼ਰਮਾ, ਬੂਟਾ ਸਿੰਘ ਢਿੱਲੋਂ, ਅਮਰਜੀਤ ਸਿੰਘ ਗੋਂਦਾਰਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ, ਗ੍ਰੰਥੀ ਬੁੱਧ ਸਿੰਘ, ਦਵਿੰਦਰ ਸਿੰਘ ਖ਼ਾਲਸਾ, ਸੁਖਮੰਦਰ ਸਿੰਘ, ਅਮਰ ਸਿੰਘ ਖ਼ਾਲਸਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।