ਫ਼ਰੀਦਕੋਟ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਦਸਵੀਂ ਦੇ ਵਿਦਿਆਰਥੀ ਦੀ ਹੋਈ ਮੌਤ, ਪਰਿਵਾਰ ’ਚ ਮਾਤਮ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪ੍ਰਭਕਰਨ ਸਿੰਘ
ਫ਼ਰੀਦਕੋਟ ਦੇ ਬੱਸ ਸਟੈਂਡ ਨੇੜੇ ਮੰਗਲਵਾਰ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰਭਕਰਨ ਸਿੰਘ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਮੰਦਭਾਗੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
Publish Date: Thu, 11 Jun 2026 10:44 AM (IST)
Updated Date: Thu, 11 Jun 2026 10:47 AM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ। ਫ਼ਰੀਦਕੋਟ ਦੇ ਬੱਸ ਸਟੈਂਡ ਨੇੜੇ ਮੰਗਲਵਾਰ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰਭਕਰਨ ਸਿੰਘ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਮੰਦਭਾਗੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਪ੍ਰਭਕਰਨ ਸਿੰਘ ਆਪਣੀ ਸਕੂਟੀ ’ਤੇ ਟਿਊਸ਼ਨ ਤੋਂ ਘਰ ਪਰਤ ਰਿਹਾ ਸੀ। ਰਸਤੇ ਵਿੱਚ ਖੜ੍ਹੀ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਦੀ ਟ੍ਰਾਲੀ ਨਾਲ ਸਕੂਟੀ ਹਲਕੀ ਜਿਹੀ ਟਕਰਾਉਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਪਿਆ।
ਚਸ਼ਮਦੀਦਾਂ ਮੁਤਾਬਕ ਜਿਵੇਂ ਹੀ ਉਹ ਸੜਕ ’ਤੇ ਡਿੱਗਿਆ ਤਾਂ ਪਿੱਛੋਂ ਆ ਰਹੀ ਪਸ਼ੂਆਂ ਦੀ ਫੀਡ (ਚਾਰੇ) ਨਾਲ ਭਰੀ ਟ੍ਰਾਲੀ ਦਾ ਪਿਛਲਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ ਸੀ।
ਇਸ ਹਾਦਸੇ ਵਿੱਚ ਵਿਦਿਆਰਥੀ ਦੀ ਇੱਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਸੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਆਸ-ਪਾਸ ਦੇ ਲੋਕਾਂ ਅਤੇ ਸੜਕ ਸੁਰੱਖਿਆ ਫੋਰਸ (SSF) ਦੀ ਮਦਦ ਨਾਲ ਉਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਅੱਜ ਆਖਰਕਾਰ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਖ਼ਿਲਾਫ਼ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਹਾਦਸੇ ਦੇ ਚਸ਼ਮਦੀਦ ਟੋਨੀ ਗੋਇਲ ਨੇ ਦੱਸਿਆ ਕਿ ਘਟਨਾ ਦੇ ਸਮੇਂ ਸੂਚਨਾ ਦੇਣ ਦੇ ਕਰੀਬ ਅੱਧੇ ਘੰਟੇ ਬਾਅਦ ਵੀ ਕੋਈ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ ਸੀ, ਜਿਸ ਕਾਰਨ ਇਲਾਜ ਵਿੱਚ ਦੇਰੀ ਹੋਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।