- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
32ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ ਲਗਾਇਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਲਵੇ ਦੀ ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਜੈਤੋ ਵੱਲੋਂ ਪਰਮ ਪੂਜਨੀਕ, ਮਹਾਨ ਪਰਉਪਕਾਰੀ, ਤਪੱਸਵੀ ਸ਼੍ਰੀ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ 32ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਲਗਾਇਆ ਗਿਆ। ਇੰਗਲੈਂਡ ਵਾਸੀ ਜਸਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੁਰੇਵਾਲ, ਬੀਬੀ ਪਰਮਿੰਦਰ ਕੌਰ ਪੁਰੇਵਾਲ (ਐੱਲ.ਐੱਲ.ਬੀ.), ਹਰਨੇਕ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਂਗਟ, ਬਲਵਿੰਦਰ ਸਿੰਘ ਚੌਹਾਨ, ਗੁਰਮੀਤ ਸਿੰਘ ਭੱਲਾ, ਭੁਪਿੰਦਰਪਾਲ ਸਿੰਘ ਭੰਮਰਾ, ਜੋਗਾ ਸਿੰਘ ਢਿੱਲੋਂ, ਹਰਮਿੰਦਰ ਸਿੰਘ ਦੂਹਰਾ, ਰਮਨ ਕੁਮਾਰ ਸ਼ਰਮਾ, ਜਸਪਾਲ ਸਿੰਘ ਭੱਲਾ, ਕਲਬੀਰ ਸਿੰਘ ਮੋਂਡੇਅਰ, ਪ੍ਰਵੀਨ ਕੁਮਾਰ ਮੈਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਜਲਾਲ ਵਾਲਿਆਂ ਨੇ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਅਜਿਹੇ ਸੇਵਾ ਕਾਰਜ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅੱਖਾਂ ਰੱਬ ਦੀ ਸਭ ਤੋਂ ਕੀਮਤੀ ਦਾਤ ਹਨ, ਜਿਨ੍ਹਾਂ ਲੋਕਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਉਨ੍ਹਾਂ ਲਈ ਜੀਵਨ ਦੀ ਰਾਹ ਬਹੁਤ ਔਖੀ ਹੋ ਜਾਂਦੀ ਹੈ। ਪਰ ਜਦੋਂ ਸਹੀ ਲੈਂਜ ਜਾਂ ਇਲਾਜ ਰਾਹੀਂ ਨਿਗ੍ਹਾ ਠੀਕ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਜੀਵਨ ਵਿਚ ਨਵੀਂ ਉਮੀਦ ਜਨਮ ਲੈਂਦੀ ਹੈ। ਵਿਧਾਇਕ ਨੇ ਕੈਂਪ ਦੀ ਪ੍ਰਸ਼ੰਸਾ ਕਰਦਿਆਂ ਐੱਨ.ਆਰ.ਆਈ. ਦਾਨੀ ਸੱਜਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਜੀ ਨੇ ਕਿਹਾ ਕਿ ਅੱਖਾਂ ਮਨੁੱਖ ਦਾ ਤੀਜਾ ਨੇਤਰ ਹਨ, ਜੇ ਅੱਖਾਂ ਹੀ ਠੀਕ ਨਾ ਹੋਣ ਤਾਂ ਜੀਵਨ ਦੀ ਦਿਸ਼ਾ ਹੀ ਬੇਅਰਥ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਗਰੀਬ ਲੋੜਵੰਦ ਵਿਅਕਤੀ, ਚਾਹੇ ਉਹ ਮਰਦ ਹੋਣ ਜਾਂ ਔਰਤਾਂ, ਮਹਿੰਗੇ ਹਸਪਤਾਲਾਂ ਵਿਚ ਇਲਾਜ ਨਹੀਂ ਕਰਵਾ ਸਕਦੇ। ਅਜਿਹੇ ਮੁਫ਼ਤ ਕੈਂਪ ਉਨ੍ਹਾਂ ਲਈ ਰੱਬ ਦੀ ਰਹਿਮਤ ਵਰਗੇ ਹੁੰਦੇ ਹਨ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਸੰਭਾਲ ਲਈ ਸਹੀ ਖੁਰਾਕ, ਸਾਫ਼-ਸੁਥਰਾ ਜੀਵਨ ਅਤੇ ਸਮੇਂ-ਸਿਰ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਮਨੁੱਖੀ ਜੀਵਨ ਵਿਚ ਅੱਖਾਂ ਦੀ ਮਹੱਤਤਾ ਬੇਮਿਸਾਲ ਹੈ। ਅਸੀਂ ਦੁਨੀਆ ਦੀ ਸੋਹਣੀ ਰਚਨਾ, ਆਪਣੇ ਪਿਆਰਿਆਂ ਦੇ ਚਿਹਰੇ ਅਤੇ ਕੁਦਰਤ ਦੀ ਖੂਬਸੂਰਤੀ ਅੱਖਾਂ ਰਾਹੀਂ ਹੀ ਵੇਖਦੇ ਹਾਂ। ਇਸ ਲਈ ਹਰ ਵਿਅਕਤੀ ਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਅਜਿਹੇ ਸੇਵਾ ਭਾਵ ਨਾਲ ਲਗਾਏ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਡਾ. ਦੀਪਕ ਅਰੋੜਾ (ਐੱਮ.ਐੱਸ.), ਡਾ. ਭੁਪਿੰਦਰਪਾਲ ਕੌਰ (ਐੱਮ.ਐੱਸ.) ਅਤੇ ਡਾ. ਮੋਨਿਕਾ ਬਲਿਆਨ (ਐੱਮ.ਐੱਸ.) ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ’ਚ 1650 ਦੇ ਕਰੀਬ ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਅਤੇ 1025 ਦੇ ਕਰੀਬ ਮਰੀਜ਼ਾਂ ਦੇ ਲੈਂਜ ਪਾਉਣ ਲਈ ਚੋਣ ਕੀਤੀ। ਇਸ ਮੌਕੇ ਮੁਫ਼ਤ ਹੈਮਿਓਪੈਥੀ ਜਾਂਚ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਹੋਮਿਓਪੈਥੀ ਡਾਕਟਰ ਗੀਤੀਕਾ ਧਵਨ ਨੇ ਆਪਣੀ ਟੀਮ ਦੇ ਸਹਿਯੋਗ ਨਾਲ 200 ਮਰੀਜ਼ਾਂ ਨੂੰ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਅਤੇ ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਮੁਫ਼ਤ ਕੀਤਾ ਗਿਆ ਹੈ। ਅਖ਼ੀਰ ਵਿਚ ਸੰਸਥਾ ਵੱਲੋਂ ਮਹਿਮਾਨਾਂ ਅਤੇ ਇੰਗਲੈਂਡ ਨਿਵਾਸੀਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਤਾ ਰਜ਼ਨੀ ਜੀ ਦੇਵੀ ਵਿਵੇਕ ਆਸ਼ਰਮ ਜੈਤੋ, ਹੈੱਡ ਗ੍ਰੰਥੀ ਭਾਈ ਰਾਮ ਸਿੰਘ, ਅਜੈਬ ਕੌਰ ਰੌਂਤਾ, ਡੀ.ਸੀ ਸਿੰਘ, ਡਾ. ਮੱਖਣ ਸਿੰਘ ਕਰੀਰਵਾਲੀ, ਮੇਜਰ ਸਿੰਘ ਗੋਂਦਾਰਾ ਡੇਲਿਆਂਵਾਲੀ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਅਰੋੜਾ ਰੋੜੀਕਪੂਰਾ, ਮਹਿੰਦਰ ਸਿੰਘ ਨਿਰਵਾਨ, ਸਤਵਿੰਦਰਪਾਲ ਸਿੰਘ ਸੱਤੀ ਅੰਗਰੋਈਆ, ਤੇਜਿੰਦਰ ਸਿੰਘ ਬਰਾੜ ਕਰੀਰਵਾਲੀ, ਜਗਦੀਸ਼ ਸਿੰਘ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ ਜੈਤੋ, ਜਗਮੀਤ ਸਿੰਘ ਮੱਲਣ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਜਿਗਰੀ, ਸੁਖਵਿੰਦਰ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਬਾਜਾਖਾਨਾ, ਮਨਪ੍ਰੀਤ ਸਿੰਘ, ਅਰਜਨ ਸਿੰਘ, ਸੁਮਨ ਕੌਰ, ਸੁਸ਼ਮਾ ਰਾਣੀ, ਕਰਮਜੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸਤਵਿੰਦਰਪਾਲ ਸਿੰਘ ਸੱਤੀ ਅੰਗਰੋਈਆ ਵੱਲੋਂ ਨਿਭਾਈ ਗਈ।