ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਜੈਤੋ ’ਚ ਨਸ਼ੇ ਦੀ ਓਵਰਡੋਜ਼ ਨਾਲ 30 ਸਾਲਾ ਨੌਜਵਾਨ ਦੀ ਮੌਤ
Publish Date: Wed, 15 Apr 2026 05:31 PM (IST)
Updated Date: Thu, 16 Apr 2026 04:03 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਫ਼ਰੀਦਕੋਟ ਦੀ ਜੈਤੋ ਮੰਡੀ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਟਿੱਬੀ ਸਾਹਿਬ ਰੋਡ ਉੱਪਰ ਸਥਿਤ ਆਈਟੀਆਈ ਦੇ ਸਾਹਮਣੇ ਖਾਲੀ ਪਲਾਟ ਵਿਚ 30 ਸਾਲਾ ਰਾਜ ਕੁਮਾਰ ਪੁੱਤਰ ਜਸਵੰਤ ਸਿੰਘ ਬੇਹੋਸ਼ ਹਾਲਤ ਵਿਚ ਪਿਆ ਮਿਲਿਆ। ਜਿਸ ਦੀ ਸੱਜੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ। ਮੌਕੇ ’ਤੇ ਮੌਜੂਦ ਮੁਹੱਲਾ ਵਾਸੀਆਂ ਨੇ ਤੁਰੰਤ ਉਸਨੂੰ ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਿਊਟੀ ਉੱਪਰ ਤਾਇਨਾਤ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਮਾਮਲਾ ਨਸ਼ਿਆਂ ਦੇ ਵਧਦੇ ਪ੍ਰਭਾਵ ਅਤੇ ਨੌਜਵਾਨ ਪੀੜ੍ਹੀ ਦੀ ਬਰਬਾਦੀ ਬਾਰੇ ਗੰਭੀਰ ਚਿੰਤਾ ਖੜੀ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਉੱਤੇ ਸਵਾਲ ਉਠ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਫਿਰ ਨੌਜਵਾਨਾਂ ਤੱਕ ਨਸ਼ੇ ਕਿਵੇਂ ਪਹੁੰਚ ਰਹੇ ਹਨ। ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਰੋਕਥਾਮ ਲਈ ਹੋਰ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।