ਸੰਗੀਤ ਨਾਟਕ ਅਕਾਦਮੀ ਅਵਾਰਡ ਲਈ 31 ਜੁਲਾਈ ਤਕ ਕਰੋ ਅਪਲਾਈ, ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਪਹਿਲੀ ਵਾਰ 11 ਪੁਰਸਕਾਰ ਦੇਵੇਗੀ
ਸੰਗੀਤ ਨਾਟਕ ਅਕਾਦਮੀ ਅਵਾਰਡ ਲਈ 31 ਜੁਲਾਈ ਤਕ ਕਰੋ ਅਪਲਾਈ
Publish Date: Wed, 03 Jul 2024 08:29 PM (IST)
Updated Date: Wed, 03 Jul 2024 08:29 PM (IST)
ਸੰਗੀਤ ਨਾਟਕ ਅਕਾਦਮੀ ਅਵਾਰਡ ਲਈ 31 ਜੁਲਾਈ ਤਕ ਕਰੋ ਅਪਲਾਈ, ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਪਹਿਲੀ ਵਾਰ 11 ਪੁਰਸਕਾਰ ਦੇਵੇਗੀ
ਲਾਈਫ਼ ਟਾਈਮ ਅਚੀਵਮੈਂਟ ਤੋਂ ਇਲਾਵਾ ਫਰੰਟ ਅਤੇ ਬੈਕ ਸਟੇਜ ਕਲਾਕਾਰਾਂ ਨੂੰ ਦਿੱਤੇ ਜਾਣਗੇ ਇਨਾਮ ਸੁਮੇਸ਼ ਠਾਕੁਰ~ ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਲਈ 31 ਜੁਲਾਈ ਤਕ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਪਹਿਲੀ ਵਾਰ 11 ਵਰਗਾਂ ’ਚ ਐਵਾਰਡ ਦੇਣ ਜਾ ਰਹੀ ਹੈ। ਜਿਸ ’ਚ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਤੋਂ ਇਲਾਵਾ ਫਰੰਟ ਅਤੇ ਬੈਕ ਸਟੇਜ ਦੇ ਹੋਣਹਾਰ ਕਲਾਕਾਰਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਅਕੈਡਮੀ ਦੇ ਚੇਅਰਮੈਨ ਸੁਦੇਸ਼ ਸ਼ਰਮਾ ਨੇ ਦੱਸਿਆ ਕਿ 60 ਸਾਲ ਪਹਿਲਾਂ ਬਣੇ ਸ਼ਹਿਰ ਵਿੱਚ ਕਲਾ ਦੀ ਸ਼ੁਰੂਆਤ 1961 ’ਚ ਰਬਿੰਦਰਨਾਥ ਟੈਗੋਰ ਦੀ ਜਨਮ ਸ਼ਤਾਬਦੀ ਮੌਕੇ ਕੀਤੀ ਗਈ ਸੀ। ਉਸ ਸਮੇਂ ਟੈਗੋਰ ਥੀਏਟਰ ਸੈਕਟਰ-18 ਵਿੱਚ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਸ ਤੋਂ ਬਾਅਦ ਕਲਾ ਨੂੰ ਸੁਧਾਰਨ ਲਈ ਸ਼ਹਿਰ ਵਿੱਚ ਅਜਾਇਬ ਘਰ ਅਤੇ ਆਡੀਟੋਰੀਅਮ ਬਣਾਏ ਗਏ ਪਰ ਕਲਾਕਾਰਾਂ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਬਣਾਈ ਗਈ। ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣ ਲਈ ਇਨਾਮ ਵੰਡ ਸਮਾਗਮ ਸ਼ੁਰੂ ਕੀਤਾ ਜਾ ਰਿਹਾ ਹੈ। ਨੌਂ ਅਵਾਰਡਾਂ ਲਈ ਬਿਨੈਕਾਰਾਂ ਨੂੰ ਔਨਲਾਈਨ ਨਾਮਜ਼ਦ ਕੀਤਾ ਜਾਵੇਗਾ ਜਦੋਂ ਕਿ ਕਲਾ ਵਿਭੂਤੀ (ਐਵਾਰਡ ਲਾਈਫ਼ ਟਾਈਮ ਅਚੀਵਮੈਂਟ) ਅਤੇ ਕਲਾ ਪਾਰਕੀ ਅਵਾਰਡ ਅਕੈਡਮੀ ਦੁਆਰਾ ਹੀ ਨਾਮਜ਼ਦ ਕੀਤੇ ਜਾਣਗੇ। ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਵਿੱਚ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਦੋਂ ਕਿ ਹੋਰ 10 ਪੁਰਸਕਾਰਾਂ ਵਿੱਚ ਇਕ ਪ੍ਰਸ਼ੰਸਾ ਪੱਤਰ ਅਤੇ ਟਰਾਫੀ ਦੇ ਨਾਲ 51,000 ਰੁਪਏ ਦਾ ਨਕਦ ਪੁਰਸਕਾਰ ਹੋਵੇਗਾ। ਟ੍ਰਾਈਸਿਟੀ ਵਿੱਚ ਪਿਛਲੇ ਦਸ ਸਾਲਾਂ ਤੋਂ ਕਲਾ, ਸੰਗੀਤ ਅਤੇ ਥੀਏਟਰ ਦੇ ਖੇਤਰ ਵਿੱਚ ਕੰਮ ਕਰ ਰਿਹਾ ਕੋਈ ਵੀ ਕਲਾਕਾਰ ਇਸ ਐਵਾਰਡ ਲਈ ਅਪਲਾਈ ਕਰ ਸਕਦਾ ਹੈ। ਅਵਾਰਡ ਪ੍ਰਾਪਤ ਕਰਨ ਲਈ ਆਨਲਾਈਨ ਅਰਜ਼ੀ ਦੇਣੀ ਪਵੇਗੀ। ------------------- ਬਾਕਸ ਇਨ੍ਹਾਂ ਨੂੰ ਮਿਲੇਗਾ ਪੁਰਸਕਾਰ : ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇਣ ਤੋਂ ਇਲਾਵਾ ਵੱਖ-ਵੱਖ ਵਰਗਾਂ ਵਿੱਚ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਜਿਸ ਵਿੱਚ ਸ਼ਾਸਤਰੀ ਸੰਗੀਤ ਅਤੇ ਸੰਗੀਤਕ ਸਾਜ਼ ਵਜਾਉਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਇਹ ਪੁਰਸਕਾਰ ਸੰਗੀਤ ਅਤੇ ਸਾਜ਼ਾਂ ਵਿੱਚੋਂ ਚੁਣਿਆ ਜਾਵੇਗਾ। ਇਸੇ ਤਰ੍ਹਾਂ ਲੋਕ ਕਲਾ ਅਤੇ ਲੋਕ ਕਲਾ ਦੇ ਸੰਗੀਤਕ ਸਾਜ਼ ਵਜਾਉਣ ਵਾਲੇ ਕਿਸੇ ਇਕ ਵਿਅਕਤੀ ਨੂੰ ਪੁਰਸਕਾਰ ਮਿਲੇਗਾ। ਇਸੇ ਤਰ੍ਹਾਂ ਭਜਨ, ਗੀਤ, ਗ਼ਜ਼ਲ, ਠੁਮਰੀ, ਦਾਦਰਾ ਵਿੱਚ ਪੇਸ਼ਕਾਰੀ ਕਰਨ ਵਾਲੇ ਕਿਸੇ ਵੀ ਕਲਾਕਾਰ ਨੂੰ ਇਨਾਮ ਦਿੱਤਾ ਜਾਵੇਗਾ। ਕਲਾਸੀਕਲ ਡਾਂਸ, ਲੋਕ ਅਤੇ ਸਮਕਾਲੀ ਦਾ ਇਕ ਹੋਰ ਨਾਟਕ ਵਿੱਚ ਕੰਮ ਕਰਨ ਵਾਲੇ ਇੱਕ ਨਿਰਦੇਸ਼ਕ ਅਤੇ ਇੱਕ ਕਲਾਕਾਰ ਨੂੰ ਪੁਰਸਕਾਰ ਦਿੱਤਾ ਜਾਵੇਗਾ ਜਦੋਂ ਕਿ ਬੈਕ ਸਟੇਜ ’ਚ ਕੰਮ ਕਰਨ ਵਾਲੇ ਇਕ ਕਲਾਕਾਰ, ਮੇਕਅੱਪ ਆਰਟਿਸਟ, ਆਰਟ ਐਂਡ ਕਰਾਫ਼ਟ, ਕਠਪੁਤਲੀ, ਸੰਗੀਤ ਅਤੇ ਰੋਸ਼ਨੀ ਵਿੱਚ ਕੰਮ ਕਰਨ ਵਾਲੇ ਕਿਸੇ ਇਕ ਕਲਾਕਾਰ ਨੂੰ ਪੁਰਸਕਾਰ ਦਿੱਤਾ ਜਾਵੇਗਾ।