ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਤਿੰਨ ਮਹੀਨਿਆਂ ’ਚ ਕੱਟੇ 13,561 ਚਾਲਾਨ
ਜ਼ੀਰਕਪੁਰ ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਮਹੀਨਿਆਂ 'ਚ ਕੱਟੇ 13,561 ਚਾਲਾਨ
Publish Date: Mon, 30 Mar 2026 09:01 PM (IST)
Updated Date: Mon, 30 Mar 2026 09:03 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਜ਼ੀਰਕਪੁਰ ਸ਼ਹਿਰ ਵਿਚ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਟ੍ਰੈਫਿਕ ਪੁਲਿਸ ਵੱਲੋਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਦੀ ਅਗਵਾਈ ਹੇਠ ਪਿਛਲੇ ਤਿੰਨ ਮਹੀਨਿਆਂ (ਜਨਵਰੀ, ਫਰਵਰੀ ਅਤੇ ਮਾਰਚ) ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸਦਿਆਂ ਕੁੱਲ 13,561 ਚਾਲਾਨ ਕੱਟੇ ਗਏ ਹਨ। ਇਹ ਕਾਰਵਾਈ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੁਲਿਸ ਵੱਲੋਂ ਚਲਾਈ ਗਈ ਇਸ ਮੁਹਿੰਮ ਦੌਰਾਨ ਬਿਨਾਂ ਹੈਲਮਟ ਵਾਹਨ ਚਲਾਉਣ, ਸੀਟ ਬੈਲਟ ਨਾ ਲਗਾਉਣ, ਓਵਰਸਪੀਡਿੰਗ, ਗ਼ਲਤ ਦਿਸ਼ਾ ਵਿਚ ਵਾਹਨ ਚਲਾਉਣ ਅਤੇ ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਵਾਲਿਆਂ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਕਾਂ, ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੀਆਂ ਸੜਕਾਂ ’ਤੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਵੀ ਨਿਯਮਤ ਨਾਕੇਬੰਦੀ ਕਰ ਕੇ ਕਾਰਵਾਈ ਕੀਤੀ ਗਈ। ਸ਼ਹਿਰ ਵਾਸੀਆਂ ਨੇ ਟ੍ਰੈਫਿਕ ਪੁਲਿਸ ਦੀ ਇਸ ਮੁਸ਼ਤੈਦੀ ਦੀ ਸ਼ਲਾਘਾ ਕੀਤੀ ਹੈ। ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਰਫ਼ ਚਾਲਾਨ ਕੱਟਣਾ ਜਾਂ ਜੁਰਮਾਨਾ ਵਸੂਲਣਾ ਨਹੀਂ ਹੈ, ਸਗੋਂ ਲੋਕਾਂ ਵਿਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸਕੂਲਾਂ ਅਤੇ ਜਨਤਕ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਹੈਲਮਟ ਅਤੇ ਸੀਟ ਬੈਲਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਅਨੁਸਾਰ ਸੁਰੱਖਿਅਤ ਡਰਾਈਵਿੰਗ ਦੀਆਂ ਬਾਰੀਕੀਆਂ ਸਮਝਾਉਣ ਨਾਲ ਹਾਦਸਿਆਂ ਦੀ ਦਰ ਵਿਚ ਕਮੀ ਆਉਣ ਦੀ ਉਮੀਦ ਹੈ।