ਜ਼ੀਰਕਪੁਰ ਪੁਲਿਸ ਵੱਲੋਂ ਪਤੀ-ਪਤਨੀ ਕਾਬੂ, ਡੋਪ ਟੈਸਟ 'ਚ ਨਸ਼ੇ ਦੀ ਪੁਸ਼ਟੀ
ਜ਼ੀਰਕਪੁਰ ਪੁਲਿਸ ਵੱਲੋਂ ਪਤੀ-ਪਤਨੀ ਕਾਬੂ, ਡੋਪ ਟੈਸਟ 'ਚ ਨਸ਼ੇ ਦੀ ਪੁਸ਼ਟੀ,
Publish Date: Tue, 10 Feb 2026 08:47 PM (IST)
Updated Date: Wed, 11 Feb 2026 04:15 AM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਲੋਹਗੜ੍ਹ ਦੇ ਸਿਗਮਾ ਸਿਟੀ ਚੌਕ ਨੇੜਿਓਂ ਇਕ ਜੋੜੇ (ਪਤੀ-ਪਤਨੀ) ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਰਵਾਏ ਗਏ ਡੋਪ ਟੈਸਟ ’ਚ ਦੋਵਾਂ ਵੱਲੋਂ ਨਸ਼ਾ ਕੀਤੇ ਜਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਜਦੋਂ ਪੁਲਿਸ ਟੀਮ ਐੱਮਸੀ ਪਾਰਕ, ਲੋਹਗੜ੍ਹ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ, ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਣਬੀਰ ਸਿੰਘ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ, ਜੋਕਿ ਮੂਲ ਰੂਪ ਵਿਚ ਪਿੰਡ ਦੁਲੜ (ਸਮਾਣਾ) ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਸਿਗਮਾ ਸਿਟੀ ਵਿਚ ਕਿਰਾਏ ਦੇ ਮਕਾਨ ਚ ਰਹਿ ਰਹੇ ਹਨ, ਨਸ਼ਾ ਕਰਨ ਦੇ ਆਦੀ ਹਨ। ਸੂਚਨਾ ਸੀ ਕਿ ਦੋਵੇਂ ਇਸ ਵੇਲੇ ਸਿਗਮਾ ਸਿਟੀ ਚੌਕ ਨੇੜੇ ਖੜ੍ਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੁਸਾਇਟੀ ਦੇ ਗੇਟ ਕੋਲੋਂ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ। ਜਾਂਚ ਲਈ ਪੁਲਿਸ ਟੀਮ ਦੋਵਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਲੈ ਗਈ, ਜਿੱਥੇ ਡਿਊਟੀ ਡਾਕਟਰ ਵੱਲੋਂ ਉਨ੍ਹਾਂ ਦਾ ਡੋਪ ਟੈਸਟ ਕੀਤਾ ਗਿਆ। ਡਾਕਟਰੀ ਰਿਪੋਰਟ ਵਿਚ ਦੋਵਾਂ ਦੇ ਸੈਂਪਲ ਨਸ਼ੇ ਲਈ ਪਾਜ਼ੇਟਿਵ ਪਾਏ ਗਏ। ਪੁਲਿਸ ਨੇ ਦੱਸਿਆ ਕਿ ਡੋਪ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਰਣਬੀਰ ਸਿੰਘ ਅਤੇ ਗੁਰਪ੍ਰੀਤ ਕੌਰ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਤਫਤੀਸ਼ ਜਾਰੀ ਹੈ।